Haryana Deputy CM : ਅੰਮ੍ਰਿਤਸਰ ’ਚ ਸ੍ਰੀ ਦਰਬਾਰ ਸਾਹਿਬ ਵਿਖੇ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਅੱਜ ਸਵੇਰੇ ਨਤਮਸਤਕ ਹੋਏ। ਉਨ੍ਹਾਂ ਨਾਲ ਉਨ੍ਹਾਂ ਦੀ ਪਤਨੀ ਮੇਘਨਾ ਅਤੇ ਭਰਾ ਦਿਗਵਿਜੇ ਚੌਟਾਲਾ ਨੇ ਵੀ ਗੁਰੂਘਰ ਵਿਚ ਮੱਥਾ ਟੇਕਿਆ। ਇਥੇ ਮੱਥਾ ਟੇਕਣ ਤੋਂ ਬਾਅਦ ਉਨ੍ਹਾਂ ਨੇ ਲੰਗਰ ਹਾਲ ਦਾ ਵੀ ਦੌਰਾ ਕੀਤ ਅਤੇ ਦੁਨੀਆ ਦੇ ਸਭ ਤੋਂ ਵੱਡੇ ਲੰਗਰ ਨੂੰ ਬਣਾਏ ਜਾਣ ਦੀ ਤਕਨੀਕ ਬਾਰੇ ਜਾਣਕਾਰੀ ਲਈ। ਚੌਟਾਲਾ ਨੇ ਕੁਝ ਸਮਾਂ ਰੂਹਾਨੀ ਬਾਣੀ ਵੀ ਸਰਵਣ ਕੀਤੀ।
ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਪ ਮੁੱਖ ਮੰਤਰੀ ਨੂੰ ਸਿਰੋਪਾ ਦੇ ਕੇ ਸਨਮਾਨਤ ਵੀ ਕੀਤਾ ਗਿਆ। ਦਰਬਾਰ ਸਾਹਿਬ ਕੰਪਲੈਕਸ ਵਿਚ ਦੁਸ਼ਯੰਤ ਨੇ ਕਿਹਾ ਕਿ ਇਹ ਸਹੀ ਅਰਥਾਂ ਵਿਚ ਰੂਹਾਨੀਅਤ ਦਾ ਕੇਂਦਰ ਹੈ। ਉਹ ਆਪਣੀ ਪਤਨੀ ਨਾਲ ਕਾਫੀ ਸਮੇਂ ਤੋਂ ਇਥੇ ਆਉਣ ਦੀ ਇੱਛਾ ਰਖਦੇ ਸਨ, ਪਰ ਰੁਝੇਵਿਆਂ ਦੇ ਚੱਲਦੇ ਅੱਜ ਇਥੇ ਆਉਣ ਦਾ ਮੌਕਾ ਮਿਲਿਆ ਹੈ। ਇਸ ਮੌਕੇ ਅੰਮ੍ਰਿਤਸਰ ਦੇ ਸਥਾਨਕ ਅਕਾਲੀ-ਭਾਜਪਾ ਨੇਤਾਵਾਂ ਨੇ ਦੁਸ਼ਯੰਤ ਚੌਟਾਲਾ ਦਾ ਸਵਾਗਤ ਵੀ ਕੀਤਾ।
ਦੱਸਣਯੋਗ ਹੈ ਕਿ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦੀ ਪਤਨੀ ਸਨੇਹਲਤਾ ਦੀ ਮੰਗਲਵਾਰ ਨੂੰ ਪਹਿਲੀ ਬਰਸੀ ਸੀ। ਇਸ ਮੌਕੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਅਤੇ ਇਨਸੋ ਦੇ ਕੌਮੀ ਪ੍ਰਧਾਨ ਦਿਗਵਿਜੇ ਚੌਟਾਲਾ ਨੇ ਚੰਡੀਗੜ੍ਹ ਸਥਿਤ ਉਪ ਮੁੱਖ ਮੰਤਰੀ ਰਿਹਾਇਸ਼ ’ਤੇ ਫੁੱਲ ਭੇਟ ਕਰਨ ਤੋਂ ਬਾਅਦ ਉਨ੍ਹਾਂ ਨੇ ਹਵਨ ਕੀਤਾ ਤੇ ਅੱਜ ਸਵੇਰੇ ਉਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ।