Haryana Deputy CM 7 MLAs : ਹਰਿਆਣਾ : ਭਾਰਤ ਬੰਦ ਤੋਂ ਪਹਿਲਾਂ ਦੁਸ਼ਯੰਤ ਚੌਟਾਲਾ ਦੀ ਪਾਰਟੀ ਜਜਪਾ ਦੇ ਸੱਤ ਵਿਧਾਇਕਾਂ ਨੇ ਕਿਸਾਨੀ ਅੰਦੋਲਨ ਦਾ ਸਮਰਥਨ ਕੀਤਾ ਹੈ। ਦੱਸ ਦਈਏ ਕਿ ਹਰਿਆਣਾ ਵਿਚ ਦੁਸ਼ਯੰਤ ਚੌਟਾਲਾ ਭਾਜਪਾ ਦੀ ਮਨੋਹਰ ਲਾਲ ਖੱਟਰ ਸਰਕਾਰ ਵਿਚ ਉਪ ਮੁੱਖ ਮੰਤਰੀ ਹਨ। ਦੱਸਿਆ ਜਾ ਰਿਹਾ ਹੈ ਕਿ ਜਜਪਾ ਦੇ ਵਿਧਾਇਕਾਂ ਦੇ ਸਮਰਥਨ ਨਾਲ ਮਨੋਹਰ ਲਾਲ ਖੱਟਰ ਦੀ ਸਰਕਾਰ ‘ਤੇ ਖ਼ਤਰਾ ਮੰਡਰਾਉਣਾ ਸ਼ੁਰੂ ਹੋ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਕ ਜਜਪਾ ਵਿਧਾਇਕ ਰਾਮ ਕੁਮਾਰ ਗੌਤਮ ਨੇ ਕਿਸਾਨੀ ਅੰਦੋਲਨ ਦਾ ਸਮਰਥਨ ਕੀਤਾ ਹੈ। ਨਾਰਨੌਂਦ ਹਲਕੇ ਤੋਂ ਵਿਧਾਇਕ ਗੌਤਮ ਨੇ ਕਿਹਾ ਕਿ ਕਿਸਾਨਾਂ ਦੀ ਮੰਗ ਜਾਇਜ਼ ਹੈ। ਕੇਂਦਰ ਸਰਕਾਰ ਨੂੰ ਇਸ ਦਾ ਤੁਰੰਤ ਹੱਲ ਕਰਨਾ ਚਾਹੀਦਾ ਹੈ। ਗੌਤਮ ਤੋਂ ਪਹਿਲਾਂ ਸ਼ਾਹਬਾਦ ਤੋਂ ਜਜਪਾ ਵਿਧਾਇਕ ਰਾਮਕਰਨ ਕਾਲਾ, ਬਰਵਾਲਾ ਤੋਂ ਜੋਗੀਰਾਮ ਸਣੇ ਛੇ ਵਿਧਾਇਕਾਂ ਨੇ ਕਿਸਾਨ ਅੰਦੋਲਨ ਦਾ ਸਮਰਥਨ ਕੀਤਾ ਹੈ। ਜਾਜਪਾ ਵੱਲ ਹਰਿਆਣਾ ਦੇ ਡਿਪਟੀ ਸੀਐਮ ਦੁਸ਼ਯੰਤ ਚੌਟਾਲਾ ਕਿਸਾਨ ਅੰਦੋਲਨ ‘ਤੇ ਚੁੱਪ ਵੱਟੀ ਬੈਠੇ ਹਨ। ਦੁਸ਼ਯੰਤ ਚੌਟਾਲਾ ਨੇ ਭਾਰਤ ਬੰਦ ‘ਤੇ ਵੀ ਕੁਝ ਨਹੀਂ ਬੋਲਿਆ। ਦੁਸ਼ਯੰਤ ਚੌਟਾਲਾ ਖਿਲਾਫ ਕੱਲ੍ਹ ਕਿਸਾਨ ਅੰਦੋਲਨ ਦਾ ਸਮਰਥਨ ਨਾ ਕਰਨ ਲਈ ਬਾਈਕਾਟ ਕਰਨ ਦੀ ਵੀ ਗੱਲ ਕਹੀ ਗਈ ਹੈ।
ਦੱਸਣਯੋਗ ਹੈ ਕਿ ਹਰਿਆਣਾ ਵਿਚ 90 ਸੀਟਾਂ ਵਿਚੋਂ ਭਾਜਪਾ ਕੋਲ 40 ਸੀਟਾਂ ਹਨ। ਸਰਕਾਰ ਬਣਾਉਣ ਲਈ ਤਕਰੀਬਨ 46 ਸੀਟਾਂ ਦੀ ਜ਼ਰੂਰਤ ਹੈ। ਭਾਜਪਾ ਨੂੰ ਵੀ ਪੰਜ ਸੁਤੰਤਰ ਵਿਧਾਇਕਾਂ ਦਾ ਸਮਰਥਨ ਪ੍ਰਾਪਤ ਹੈ। ਹਾਲਾਂਕਿ ਕਿਸਾਨ ਅੰਦੋਲਨ ਕਾਰਨ ਕਈ ਵਿਧਾਇਕਾਂ ਨੇ ਸਮਰਥਨ ਵਾਪਸ ਲੈਣ ਦਾ ਐਲਾਨ ਕੀਤਾ ਹੈ। ਅਜਿਹੀ ਸਥਿਤੀ ਵਿੱਚ ਜਜਪਾ ਵਿਧਾਇਕਾਂ ਦੇ ਇਸ ਫੈਸਲੇ ਕਾਰਨ ਸਰਕਾਰ ਮੁਸੀਬਤ ਵਿੱਚ ਪੈ ਸਕਦੀ ਹੈ। ਦੱਸਣਯੋਗ ਹੈ ਕਿ 26 ਨਵੰਬਰ ਤੋਂ ਪੰਜਾਬ, ਹਰਿਆਣਾ ਅਤੇ ਕਈ ਹੋਰ ਰਾਜਾਂ ਦੇ ਹਜ਼ਾਰਾਂ ਕਿਸਾਨ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ ‘ਤੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ ਅਤੇ ਸਤੰਬਰ ਮਹੀਨੇ ਵਿਚ ਲਾਗੂ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹਨ। ਇਨ੍ਹਾਂ ਕਾਨੂੰਨਾਂ ਨੂੰ “ਕਿਸਾਨ ਵਿਰੋਧੀ” ਕਰਾਰ ਦਿੰਦੇ ਹੋਏ, ਕਿਸਾਨਾਂ ਦਾ ਦਾਅਵਾ ਹੈ ਕਿ ਨਵੇਂ ਬਣਾਏ ਗਏ ਕਾਨੂੰਨਾਂ ਨਾਲ ਘੱਟੋ-ਘੱਟ ਸਮਰਥਨ ਮੁੱਲ ਪ੍ਰਣਾਲੀ ਨੂੰ ਖਤਮ ਕਰਨ ਦਾ ਰਾਹ ਪੱਧਰਾ ਹੋ ਜਾਵੇਗਾ ਅਤੇ ਉਹ ਵੱਡੇ ਕਾਰਪੋਰੇਸ਼ਨਾਂ ਦੇ “ਰਹਿਮ” ’ਤੇ ਆ ਜਾਣਗੇ। ਹਾਲਾਂਕਿ, ਸਰਕਾਰ ਦਾ ਕਹਿਣਾ ਹੈ ਕਿ ਨਵੇਂ ਕਾਨੂੰਨ ਕਿਸਾਨਾਂ ਨੂੰ ਬਿਹਤਰ ਅਵਸਰ ਪ੍ਰਦਾਨ ਕਰਨਗੇ ਅਤੇ ਖੇਤੀਬਾੜੀ ਵਿੱਚ ਨਵੀਆਂ ਟੈਕਨਾਲੋਜੀਆਂ ਦੀ ਸ਼ੁਰੂਆਤ ਕਰਨਗੇ।