ਚੰਡੀਗੜ੍ਹ : ਹਰਿਆਣਾ ਵਿੱਚ ਕੋਰੋਨਾ ਮਹਾਮਾਰੀ ਕਾਰਨ ਲਗਾਏ ਗਏ ਲੌਕਡਾਊਨ ਨੂੰ ਸਰਕਾਰ ਨੇ ਹੋਰ ਵਧਾ ਦਿੱਤਾ ਹੈ। ਹੁਣ ਇਹ ਤਾਲਾਬੰਦੀ 14 ਜੂਨ ਤੱਕ ਲਾਗੂ ਰਹੇਗੀ। ਹਾਲਾਂਕਿ ਕੋਰੋਨਾ ਦੇ ਮਾਮਲਿਆਂ ਵਿੱਚ ਆਈ ਗਿਰਾਵਟ ਦੇ ਚੱਲਦਿਆਂ ਸਰਕਾਰ ਨੇ ਸੂਬੇ ਦੇ ਲੋਕਾਂ ਨੂੰ ਕੁਝ ਢਿੱਲ ਦਿੱਤੀ ਹੈ।
ਨਵੀਆਂ ਜਾਰੀ ਹਿਦਾਇਤਾਂ ਮੁਤਾਬਕ ਮਾਲ ਸਵੇਰੇ 10 ਵਜੇ ਤੋਂ ਸ਼ਾਮ 8 ਵਜੇ ਤੱਕ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ। ਇੱਕ ਸਮੇਂ ਵੱਧ ਤੋਂ ਵੱਧ 21 ਲੋਕਾਂ ਨੂੰ ਧਾਰਮਿਕ ਸਥਾਨਾਂ ‘ਤੇ ਇਕੱਠੇ ਹੋਣ ਦੀ ਆਗਿਆ ਦਿੱਤੀ ਜਾਏਗੀ। ਨਾਲ ਹੀ ਕਾਰਪੋਰੇਟ ਦਫਤਰਾਂ ਨੂੰ ਲੋੜੀਂਦੇ ਸਮਾਜਿਕ ਦੂਰੀ ਦੇ ਨਿਯਮਾਂ, ਨਿਯਮਿਤ ਸੈਨੀਟਾਈਜ਼ੇਸ਼ਨ ਅਤੇ ਕੋਵਿਡ-ਉਚਿਤ ਵਿਵਹਾਰ ਸੰਬੰਧੀ ਨਿਯਮਾਂ ਨੂੰ ਅਪਣਾਉਣ ਤੋਂ ਬਾਅਦ 50 ਫੀਸਦੀ ਹਾਜ਼ਰੀ ਨਾਲ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ।
ਵਿਆਹ, ਸੰਸਕਾਰ ਜਾਂ ਸਸਕਾਰ ਸਮੇਂ 21 ਵਿਅਕਤੀਆਂ ਨੂੰ ਇਕੱਠੇ ਹੋਣ ਆਗਿਆ ਹੈ। ਹਾਲਾਂਕਿ ਘਰ ਤੋਂ ਇਲਾਵਾ ਹੋਰ ਥਾਵਾਂ ‘ਤੇ ਵੀ ਵਿਆਹ ਕਰਵਾਏ ਜਾ ਸਕਦੇ ਹਨ, ਪਰ ਇਸ ਦੌਰਾਨ ‘ਬਰਾਤ’ ਲਿਜਾਣ ਦੀ ਇਜਾਜ਼ਤ ਨਹੀਂ ਹੋਵੇਗੀ। ਇਨ੍ਹਾਂ ਤੋਂ ਇਲਾਵਾ ਹੋਰ ਇਕੱਠਾਂ ਲਈ ਵੱਧ ਤੋਂ ਵੱਧ ਗਿਣਤੀ 50 ਹੋਵੇਗੀ। 50 ਤੋਂ ਵੱਧ ਇਕੱਠਾਂ ਲਈ ਡਿਪਟੀ ਕਮਿਸ਼ਨਰ ਤੋਂ ਪਹਿਲਾਂ ਦੀ ਆਗਿਆ ਲੈਣੀ ਲਾਜ਼ਮੀ ਹੋਵੇਗੀ।
ਇਹ ਵੀ ਪੜ੍ਹੋ : ਮਿਲਖਾ ਸਿੰਘ ਦੀ ਸੁਧਰੀ ਹਾਲਤ, ਤੇਜ਼ੀ ਨਾਲ ਕਰ ਰਹੇ ਰਿਕਵਰ
ਰੈਸਟੋਰੈਂਟਾਂ, ਬਾਰਾਂ ਅਤੇ ਕਲੱਬ ਹਾਊਸਾਂ ਨੂੰ 50 ਫੀਸਦੀ ਬੈਠਣ ਦੀ ਸਮਰੱਥਾ, ਸਮਾਜਿਕ ਦੂਰੀਆਂ ਅਤੇ ਹੋਰ ਸੁਰੱਖਿਆ ਨਿਯਮਾਂ ਦੀ ਪਾਲਣਾ ਨਾਲ ਸਵੇਰੇ 10 ਵਜੇ ਤੋਂ ਸ਼ਾਮ 8 ਵਜੇ ਤਕ ਖੋਲ੍ਹਣ ਦੀ ਆਗਿਆ ਹੋਵੇਗੀ।