Hawara Committee raised questions : ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 267 ਸਰੂਪਾਂ ਦੇ ਗਾਇਬ ਹੋਣ ਦੇ ਮਾਮਲੇ ਦੀ ਤੇਲੰਗਾਨਾ ਹਾਈ ਕੋਰਟ ਦੇ ਸੀਨੀਅਰ ਵਕੀਲ ਅਤੇ ਜਾਂਚ ਕਮੇਟੀ ਦੇ ਮੁਖੀ ਈਸ਼ਰ ਸਿੰਘ ਵੱਲੋਂ ਕੀਤੀ ਜਾ ਰਹੀ ਜਾਂਚ ਸਬੰਧੀ ਜਗਤਾਰ ਸਿੰਘ ਹਵਾਰਾ ਨੇ ਸਵਾਲ ਚੁੱਕੇ ਹਨ। ਇਸ ਸਬੰਧੀ ਹਵਾਰਾ ਕਮੇਟੀ ਨੇ ਈਸ਼ਰ ਸਿੰਘ ਨੂੰ ਚਿੱਠੀ ਲਿਖ ਕੇ ਕਿਹਾ ਹੈ ਕਿ ਪੜਤਾਲ ਸ਼ੁਰੂ ਕਰਨ ਤੋਂ ਬਾਅਦ ਪ੍ਰਿੰਟਿੰਗ ਪ੍ਰੈੱਸ, ਇਸ ਦੇ ਸਟੋਰ ਤੇ ਦਫਤਰ ਨੂੰ ਸੀਲ ਨਹੀਂ ਕੀਤਾ ਗਿਆ ਅਤੇ ਨਾ ਹੀ ਉਨ੍ਹਾਂ ਸਬੰਧਤ ਰਿਕਾਰਡ ਆਪਣੇ ਕਬਜ਼ੇ ਵਿਚ ਲਏ ਹਨ, ਜਿਸ ਕਾਰਨ ਜਾਂਚ ਸਮੇਂ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 125 ਪਾਵਨ ਸਰੂਪਾਂ ਦੇ ਫਰਮੇ ਤਿਆਰ ਕਰ ਲਏ ਗਏ ਹਨ ਤੇ ਪਿਛਲੀਆਂ ਤਰੀਕਾਂ ਵਿੱਚ ਇਸ ਦੀ ਆਗਿਆ ਵੀ ਪਾ ਲਈ ਗਈ ਹੈ।
ਉਨ੍ਹਾਂ ਲਿਖਿਆ ਕਿ ਦੋਸ਼ੀ ਅਧਿਕਾਰੀਆਂ ਵੱਲੋਂ ਸਬੰਧਤ ਰਿਕਾਰਡ ਨੂੰ ਛੇੜਛਾੜ ਅਤੇ ਖੁਰਦ ਬੁਰਦ ਕੀਤਾ ਜਾ ਰਿਹਾ ਹੈ। ਸ਼ੁਰੂਆਤੀ ਜਾਂਚ ਵਿਚ ਜਿਨ੍ਹਾਂ ਅਧਿਕਾਰੀਆਂ ਦੇ ਨਾਂ ਸਾਹਮਣੇ ਆਏ ਸਨ, ਉਨ੍ਹਾਂ ਨੂੰ ਜਾਂਚ ਆਰੰਭ ਕਰਦੇ ਹੀ ਛੁੱਟੀ ’ਤੇ ਭੇਜ ਦੇਣਾ ਚਾਹੀਦਾ ਸੀ ਤਾਂ ਜੋ ਉਹ ਜਾਂਚ ਪ੍ਰਭਾਵਿਤ ਨਾ ਕਰ ਸਕਦੇ। ਇਹ ਜਾਂਚ ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਦੇ ਜਥੇਦਾਰ ਸਾਹਿਬਾਨ ਦੀ ਮੀਟਿੰਗਾਂ ਵਾਲੇ ਕਮਰੇ ਵਿਚ ਕੀਤੀ ਜਾ ਰਹੀ ਹੈ, ਜਿਥੇ ਕੈਮਰਿਆਂ ਦਾ ਕੰਟਰੋਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਦੇ ਅਧੀਨ ਹੈ। ਜਦਕਿ ਸ਼੍ਰੋਮਣੀ ਕਮੇਟੀ ਦੇ ਉਚ ਅਧਿਕਾਰੀ ਤੇ ਸਿਆਸੀ ਤਾਣਾਂ-ਬਾਣਾਂ ਦੋਸ਼ੀ ਹੈ। ਨਿਯਮਾਂ ਅਨੁਸਾਰ ਜਾਂਚ ਦੀ ਰਿਕਾਰਡਿੰਗ ਸ਼੍ਰੋਮਣੀ ਕਮੇਟੀ ਦੇ ਅਧੀਨ ਨਾ ਹੋ ਕੇ ਜਾਂਚ ਅਧਿਕਾਰੀ ਦੇ ਅਧੀਨ ਹੋਣੀ ਚਾਹੀਦੀ ਸੀ।
ਉਨ੍ਹਾਂ ਲਿਖਿਆ ਕਿ ਕੰਵਲਜੀਤ ਸਿੰਘ ਨੂੰ ਬਿਆਨ ਦੇਣ ਲਈ ਬੁਲਾਉਣ ਸਮੇਂ ਸ਼੍ਰੋਮਣੀ ਕਮੇਟੀ ਦੇ ਉੱਚ ਅਧਿਕਾਰੀ ਈਸ਼ਰ ਸਿੰਘ ਦੇ ਕਮਰੇ ਵਿੱਚ ਮੌਜੂਦ ਸਨ। ਉਨ੍ਹਾਂ ਮੁੱਖ ਸਕੱਤਰ ਨੂੰ ਤੱਥਾਂ ਨੂੰ ਤਸਦੀਕ ਕਰਨ ਲਈ ਬੁਲਾਉਣ ਵੇਲੇ ਭਾਈ ਲੋਂਗੋਵਾਲ ਦੇ ਨਾਲ ਆਉਣਾ ਵੀ ਬੁਨਿਆਦੀ ਜਾਂਚ ਨਿਯਮਾਂ ਦੇ ਉਲਟ ਦੱਸਿਆ। ਇਸ ਤੋਂ ਇਲਾਵਾ ਪਾਵਨ ਸਰੂਪਾਂ ਦੀ ਮੌਜੂਦਗੀ ਅਤੇ ਘੱਟ ਗਿਣਤੀ ਦੇ ਬੈਲੇਂਸ ਸ਼ੀਟਾਂ ਵਿਚ ਬਿਓਰੇ ਸਬੰਧੀ ਆਡੀਟਰ ਐਸ ਐਸ ਕੋਹਲੀ ਨੂੰ ਹੁਣ ਤੱਕ ਬਲੈਕ ਲਿਸਟਿਡ ਨਾ ਕੀਤੇ ਜਾਣ ’ਤੇ ਵੀ ਸਵਾਲ ਉਠਾਇਆ।