HC remarks in Multani case : 29 ਸਾਲ ਪੁਰਾਣੇ ਬਲਵੰਤ ਸਿੰਘ ਮੁਲਤਾਨੀ ਦੇ ਅਗਵਾ ਤੇ ਕਤਲ ਮਾਮਲੇ ਵਿੱਚ ਨਾਮਜ਼ਦ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਦੀ ਗ੍ਰਿਫਤਾਰੀ ਤੋਂ ਬਚਣ ਨੂੰ ਦਾਇਰ ਪਟੀਸ਼ਨ ਨੂੰ ਖਾਰਿਜ ਕਰਦੇ ਹੋਏ ਹਾਈਕੋਰਟ ਨੇ ਜਾਰੀ ਫੈਸਲੇ ਵਿੱਚ ਕਿਹਾ ਕਿ ਨਿਰਪੱਖ ਜਾਂਚ ਅਤੇ ਟ੍ਰਾਇਲ ਲਈ ਜ਼ਰੂਰੀ ਹੈ ਕਿ ਹਿਰਾਸਤ ਵਿੱਚ ਪੁੱਛਗਿੱਛ ਕੀਤੀ ਜਾਵੇ। ਅਜਿਹੇ ’ਚ ਗ੍ਰਿਫਤਾਰੀ ਤੋਂ ਬੱਚਣ ਦਾ ਫਾਇਦਾ ਨਹੀਂ ਦਿੱਤਾ ਜਾ ਸਕਦਾ। ਹਾਈਕੋਰਟ ਨੇ ਕਿਹਾ ਕਿ ਲੰਬੇ ਸਮੇਂ ਬਾਅਦ ਹੀ ਸਹੀ, ਜਾਂਚ ਏਜੰਸੀ ਜਾਗੀ ਅਤੇ ਆਪਣੇ ਅਧਿਕਾਰੀ ਖਿਲਾਫ ਕਾਰਵਾਈ ਦਾ ਹੌਸਲਾ ਦਿਖਾਇਆ। ਅਜਿਹੇ ’ਚ ਹੁਣ ਜਾਂਚ ਏਜੰਸੀ ਨੂੰ ਨਿਰਾਸ਼ ਨਹੀਂ ਕੀਤਾ ਜਾ ਸਕਦਾ।
ਅਜਿਹੇ ਅਪਰਾਧ ਬਹੁਤ ਹੀ ਗੁਪਤ ਢੰਗ ਨਾਲ ਅੰਜਾਮ ਦਿੱਤੇ ਜਾਂਦੇ ਹਨ। ਗਵਾਹ ਦਾ ਸਾਹਮਣੇ ਆਉਣਾ ਅਜਿਹੇ ਮਾਮਲਿਆਂ ’ਚ ਬਹੁਤ ਮੁਸ਼ਕਿਲ ਕੰਮ ਹੈ। ਹੁਣ ਜੇਕਰ ਕੋਈ ਸਾਹਮਣੇ ਆਇਆ ਹੈ ਤਾਂ ਉਸ ਨੂੰ ਬਚਾ ਕੇ ਰੱਖਣਾ ਜ਼ਰੂਰੀ ਹੈ। ਦੋਸ਼ੀ ਸੁਮੇਧ ਸਿੰਘ ਸੈਣੀ ਬਹੁਤ ਪ੍ਰਭਾਵਸ਼ਾਲੀ ਹੈ ਅਤੇ ਅਜਿਹੇ ’ਚ ਇਸ ਬੁਝਾਰਤ ਨੂੰ ਹੱਲ ਕਰਨ ਲਈ ਹਿਰਾਸਤ ਵਿੱਚ ਪੁੱਛਗਿੱਛ ਕਰਨੀ ਜ਼ਰੂਰੀ ਹੈ। ਹਾਈਕੋਰਟ ਨੇ ਫੈਸਲੇ ਵਿੱਚ ਕਿਹਾ ਕਿ ਅਪਰਾਧ ਦੇ ਕਈ ਮਾਮਲੇ ਸਿਆਸਤ ਜਾਂ ਹੋਰ ਕਾਰਨਾਂ ਕਰਕੇ ਦਬੇ ਰਹਿੰਦੇ ਹਨ। ਅਜਿਹੇ ਮਾਮਲੇ ਸਮੇਂ ਦੇ ਨਾਲ ਕਈ ਵਾਰ ਸਾਹਮਣੇ ਆਉਂਦੇ ਹਨ। ਮੌਜੂਦਾ ਮਾਮਲਾ ਵੀ ਅਜਿਹਾ ਹੀ ਹੈ ਜੋ ਲੰਬੇ ਸਮੇਂ ਤੋਂ ਬਾਅਦ ਕੁਝ ਗਵਾਹਾਂ ਕਾਰਨ ਸਾਹਮਣੇ ਆਇਆ ਹੈ। ਅਜਿਹੇ ’ਚ ਜਾਂਚ ਨੂੰ ਪ੍ਰਭਾਵਿਤ ਨਹੀਂ ਕੀਤਾ ਜਾ ਸਕਦਾ।