ਪੰਜਾਬ ਵਿਚ ਸਿਹਤ ਵਿਭਾਗ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। 20 ਤੋਂ 27 ਅਕਤੂਬਰ ਤੱਕ ਮਿਲਾਵਟਖੋਰਾਂ ‘ਤੇ ਕਾਰਵਾਈ ਕਰਨ ਲਈ ਅਧਿਕਾਰੀਆਂ ਦਾ ਫੇਰਬਦਲ ਵੱਖ-ਵੱਖ ਸ਼ਹਿਰਾਂ ਵਿਚ ਕੀਤਾ ਗਿਆ ਸੀ ਤਾਂ ਕਿ ਮਿਲਾਵਟਖੋਰਾਂ ਦੇ ਨਾਲ ਹੋ ਰਹੇ ਮਿਲੀਭੁਗਤ ਦੇ ਜਾਲ ਨੂੰ ਤੋੜਿਆ ਜਾ ਸਕੇ।
ਅੱਜ ਬਦਲੇ ਗਏ ਅਧਿਕਾਰੀਆਂ ਦਾ ਆਖਰੀ ਦਿਨ ਹੈ ਪਰ ਸੂਤਰਾਂ ਮੁਤਾਬਕ ਦੀਵਾਲੀ ਤੱਕ ਇਸੇ ਕੜੀ ਤਹਿਤ ਅਧਿਕਾਰੀਆਂ ਦਾ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਫੇਰਬਦਲ ਜਾਰੀ ਰੱਖਣ ਦਾ ਫਾਰਮੂਲਾ ਜਾਰੀ ਰਹੇਗਾ। ਫੈਸਟੀਵਲ ਸੀਜ਼ਨ ਵਿਚ ਮਿਲਾਵਟਖੋਰਾਂ ‘ਤੇ ਸਰਕਾਰ ਨਕੇਲ ਕੱਸੇਗੀ। ਆਉਣ ਵਾਲੇ ਦਿਨਾਂ ਵਿਚ ਹਰ ਸ਼ਹਿਰ ਵਿਚ ਦੂਜੇ ਸ਼ਹਿਰ ਦੇ ਅਧਿਕਾਰੀਆਂ ਨੂੰ ਹਫਤੇ ਮੁਤਾਬਕ ਤਾਇਨਾਤ ਕੀਤਾ ਜਾਵੇਗਾ।
ਸਰਕਾਰ ਨੇ ਕਿਸੇ ਵੀ ਤਰ੍ਹਾਂ ਦੀ ਮਿਲੀਭੁਗਤ ਦੀਆਂ ਸੰਭਾਵਨਾਵਾਂ ਨੂੰ ਖਤਮ ਕਰਨ ਲਈ ਅਧਿਕਾਰੀਆਂ ਦਾ ਫੇਰਬਦਲ ਕਰਨ ਦਾ ਤਰੀਕਾ ਅਪਣਾਇਆ ਹੈ ਜਿਸ ਤਹਿਤ ਕੁਝਜ਼ਿਲ੍ਹਿਆਂ ਵਿਚ ਤਾਇਨਾਤ ਅਧਿਕਾਰੀਆਂ ਨੂੰ 8 ਦਿਨ 20 ਤੋਂ 27 ਅਕਤੂਬਰ ਤੱਕ ਸਪੈਸ਼ਲ ਡਿਊਟੀ ‘ਤੇ ਦੂਜੇ ਜ਼ਿਲ੍ਹਿਆਂ ਵਿਚ ਭੇਜ ਦਿੱਤਾ ਗਿਆ ਸੀ। ਹੁਣ ਉਨ੍ਹਾਂ ਦੇ ਏਰੀਏ ਵਿਚ ਨਵੇਂ ਅਫਸਰ ਸੈਂਪਲਿੰਗ ਕਰ ਰਹੇ ਸਨ। ਫਿਲਹਾਲ ਇਹ ਬਦਲਾਅ 8 ਦਿਨ ਲਈ ਟ੍ਰਾਇਲ ਵਜੋਂ ਕੀਤਾ ਗਿਆ ਸੀ ਪਰ ਹੁਣ ਇਸ ਬਦਲਾਅ ਨੂੰ ਦੀਵਾਲੀ ਤੱਕ ਜਾਰੀ ਰੱਖਿਆ ਜਾ ਸਕਦਾ ਹੈ।
ਪਿਛਲੇ ਹਫਤੇ ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨੀਸਟ੍ਰੇਸ਼ਨ ਅਭਿਨਵ ਨੇ 12 ਜ਼ਿਲ੍ਹਿਆਂ ਦੇ ਡੇਜ਼ੀਗਨੇਟੇਡ ਅਫਸਰਾਂ ਫੂਡ ਸੇਫਟੀ ਤੇ 26 ਫੂਡ ਸੇਫਟੀ ਅਫਸਰਾਂ ਦੀ ਅਦਲਾ-ਬਦਲੀ ਦੇ ਹੁਕਮ ਕਰ ਦਿੱਤੇ। ਇਸ ਦੌਰਾਨ ਇਹ ਅਧਿਕਾਰੀ ਹੈੱਡਕੁਆਰਟਰ ਦੀ ਮਨਜ਼ੂਰੀ ਦੇ ਬਿਨਾਂ ਆਪਣਾ ਸਟੇਸ਼ਨ ਨਹੀਂ ਛੱਡਣਗੇ।
ਕਮਿਸ਼ਨਰ ਨੇ ਆਪਣੇ ਹੁਕਮਾਂ ਵਿਚ ਕਿਹਾ ਕਿ ਤਿਓਹਾਰੀ ਸੀਜ਼ਨ ਨੂੰ ਲੈ ਕੇ ਮਠਿਆਈਆਂ, ਦੁੱਧ ਨਾਲ ਬਣੇ ਪਦਾਰਥਾਂ ਤੇ ਹੋਰ ਖਾਧ ਪਦਾਰਥਾਂ ਸਬੰਧੀ ਸ਼ਿਕਾਇਤਾਂ ਮਿਲ ਰਹੀਆਂ ਸਨ ਜਿਸ ਦੇ ਮੱਦੇਨਜ਼ਰ ਲੋਕਾਂ ਨੂੰ ਸਹੀ ਤੇ ਸਵੱਛ ਖਾਧ ਪਦਾਰਥ ਮੁਹੱਈਆ ਕਰਵਾਉਣ ਲਈ ਇਹ ਬਦਲਾਅ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬੀ ਮੂਲ ਦੇ ਨੌਜਵਾਨ ਨੇ ਵਿਦੇਸ਼ ‘ਚ ਚਮਕਾਇਆ ਨਾਂ, ਫਿਜ਼ੀ ‘ਚ ਪੁਲਿਸ ਤਾਜ ਦੇ ਨਾਲ ਪਗੜੀ ਪਹਿਨਣ ਵਾਲਾ ਪਹਿਲਾ ਸਿੱਖ ਬਣਿਆ
ਸਿਹਤ ਵਿਭਾਗ ਵੱਲੋਂ ਰੋਜ਼ਾਨਾ ਤੜਕੇ ਸ਼ਹਿਰਾਂ ਦੀਆਂ ਮੁੱਖ ਸੜਕਾਂ, ਹਾਈਵੇ ‘ਤੇ ਨਾਕਾ ਲਗਾ ਕੇ ਦੁੱਧ ਵੇਚਣ ਵਾਲਿਆਂ ਦੀ ਜਾਂਚ ਕੀਤੀ ਜਾਵੇਗੀ। ਦੇਖਿਆ ਜਾਵੇਗਾ ਕਿ ਦੁੱਧ ਵਿਚ ਮਿਲਾਵਟ ਤਾਂ ਨਹੀਂ ਹੋ ਹੀ ਹੈ। ਦੂਜਾ ਮਠਿਆਈਆਂ ਦੀਆਂ ਦੁਕਾਨਾਂ ਵਿਚ ਵੀ ਰੋਜ਼ਾਨਾ ਚੈਕਿੰਗ ਹੋਵੇਗੀ। ਡਿਮਾਂਡ ਨੂੰ ਪੂਰਾ ਕਰਨ ਲਈ ਕਈ ਦੁਨਾਨਦਾਰ ਫਾਇਦਾ ਕਮਾਉਣ ਲਈ ਮਿਲਾਵਟ ਕਰਦੇ ਹਨ ਜਿਸਦਾ ਸਿੱਧਾ ਅਸਰ ਲੋਕਾਂ ਦੀ ਸਿਹਤ ‘ਤੇ ਪੈਂਦਾ ਹੈ। ਮਿਲਾਵਟਖੋਰਾਂ ਬਾਰੇ ਜਾਣਕਾਰੀ ਦੇਣ ਵਾਲੇ ਦੀ ਪਛਾਣ ਗੁਪਤ ਰੱਖੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: