ਕੇਂਦਰੀ ਸਿਹਤ ਮੰਤਰੀ ਡਾ. ਹਸ਼ਵਰਧਨ ਨੇ ਐਤਵਾਰ ਨੂੰ ਇੱਕ ਪੱਤਰ ਲਿਖ ਕੇ ਯੋਗਾ ਗੁਰੂ ਰਾਮਦੇਵ ਨੂੰ ਕੋਰੋਨਾ ਯੋਧਿਆਂ ਖਿਲਾਫ ਕੀਤੀ ‘ਇਤਰਾਜ਼ਯੋਗ ਟਿੱਪਣੀ’ ਵਾਪਸ ਲੈਣ ਲਈ ਕਿਹਾ ਹੈ, ਜਿਸ ਤੋਂ ਬਾਅਦ ਬਾਬਾ ਰਾਮਦੇਵ ਨੇ ਐਲੋਪੈਥੀ ਦਵਾਈਆਂ ‘ਤੇ ਆਪਣਾ ਬਿਆਨ ਵਾਪਿਸ ਲੈ ਲਿਆ।
ਕੇਂਦਰੀ ਮੰਤਰੀ ਨੇ ਲਿਖਿਆ ਕਿ ਯੋਗ ਗੁਰੂ ਰਾਮਦੇਵ ਦੇ ਬਿਆਨ ਨੇ ਕੋਰੋਨਾ ਯੋਧਿਆਂ ਦਾ ਨਿਰਾਦਰ ਕਰਦਿਆਂ, ਦੇਸ਼ ਦੀਆਂ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚਾਈ ਹੈ, ਜਿਸ ‘ਤੇ ਉਨ੍ਹਾਂ ਇੱਕ ਪੱਤਰ ਲਿਖ ਕੇ ਆਪਣਾ ਇਤਰਾਜ਼ਯੋਗ ਬਿਆਨ ਵਾਪਸ ਲੈਣ ਲਈ ਕਿਹਾ। ਇਸ ਤੋਂ ਬਾਅਦ ਸਵਾਮੀ ਰਾਮਦੇਵ ਨੇ ਟਵਿੱਟਰ ‘ਤੇ ਕੇਂਦਰੀ ਮੰਤਰੀ ਨੂੰ ਸੰਬੋਧਿਤ ਕਰਦੇ ਹੋਏ ਕਿਹਾ, “ਤੁਹਾਡੀ ਚਿੱਠੀ ਮਿਲੀ ਹੈ, ਮੈਡੀਕਲ ਪ੍ਰਣਾਲੀਆਂ ਦੇ ਇਸ ਸਾਰੇ ਵਿਵਾਦ ‘ਤੇ ਅਫਸੋਸ ਹੈ, ਮੈਂ ਆਪਣਾ ਬਿਆਨ ਵਾਪਸ ਲੈਂਦਾ ਹਾਂ ਅਤੇ ਇਹ ਪੱਤਰ ਤੁਹਾਨੂੰ ਭੇਜ ਰਿਹਾ ਹਾਂ।”
ਰਾਮਦੇਵ ਨੇ ਪਤੰਜਲੀ ਯੋਗਪੀਠ ਦੇ ਲੈਟਰਪੈਡ ‘ਤੇ ਲਿਖੇ ਆਪਣੇ ਸਪੱਸ਼ਟੀਕਰਨ ਵਿਚ ਕਿਹਾ, ਅਸੀਂ ਆਧੁਨਿਕ ਮੈਡੀਕਲ ਪ੍ਰਣਾਲੀ ਅਤੇ ਐਲੋਪੈਥੀ ਦੇ ਵਿਰੋਧੀ ਨਹੀਂ ਹਾਂ। ਸਾਡਾ ਮੰਨਣਾ ਹੈ ਕਿ ਐਲੋਪੈਥੀ ਨੇ ਬਚਾਅ ਪ੍ਰਣਾਲੀ ਅਤੇ ਸਰਜਰੀ ਦੇ ਖੇਤਰ ਵਿਚ ਵੱਡੀ ਤਰੱਕੀ ਕੀਤੀ ਹੈ। ਇਹ ਮਨੁੱਖਤਾ ਦੀ ਸੇਵਾ ਹੈ. ਰਾਮਦੇਵ ਨੇ ਕਿਹਾ, ਉਸਦੀ ਵੀਡੀਓ ਜੋ ਪੇਸ਼ ਕੀਤੀ ਗਈ ਹੈ ਉਹ ਵਰਕਰਾਂ ਨਾਲ ਇੱਕ ਮੁਲਾਕਾਤ ਦਾ ਹੈ, ਜਿਸ ਵਿੱਚ ਉਸਨੇ ਵ੍ਹਾਟਟਸਐਪ ਉੱਤੇ ਇੱਕ ਮੈਸੇਜ ਪੜ੍ਹਿਆ ਸੀ। ਪਰ ਮੈਨੂੰ ਅਫ਼ਸੋਸ ਹੈ ਜੇ ਇਸ ਨਾਲ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।
ਦੱਸ ਦੇਈਏ ਕਿ ਸਿਹਤ ਮੰਤਰੀ ਨੇ ਬਾਬਾ ਰਾਮ ਦੇਵ ਨੂੰ ਲਿਖਿਆ ਸੀ ਕਿ ਐਲੋਪੈਥਿਕ ਦਵਾਈਆਂ ਅਤੇ ਡਾਕਟਰਾਂ ਬਾਰੇ ਤੁਹਾਡੀਆਂ ਟਿੱਪਣੀਆਂ ਨਾਲ ਦੇਸ਼ ਵਾਸੀ ਨੂੰ ਠੇਸ ਪਹੁੰਚੀ ਹੈ। ਮੈਂ ਇਸ ਭਾਵਨਾ ਨੂੰ ਪਹਿਲਾਂ ਹੀ ਤੁਹਾਨੂੰ ਫੋਨ ‘ਤੇ ਦੱਸ ਚੁੱਕਾ ਹਾਂ। ਡਾਕਟਰ ਅਤੇ ਹੋਰ ਸਿਹਤ ਕਰਮਚਾਰੀ ਕੋਰੋਨਾ ਵਿਰੁੱਧ ਦਿਨ-ਰਾਤ ਲੜ ਰਹੇ ਹਨ ਉਹ ਦੇਸ਼ ਵਾਸੀਆਂ ਲਈ ਦੇਵ ਸਰੂਪ ਹਨ। ਆਪਣੇ ਇਸ ਬਿਆਨ ਨਾਲ ਤੁਸੀਂ ਨਾ ਸਿਰਫ ਕੋਰੋਨਾ ਯੋਧਿਆਂ ਦਾ ਨਿਰਾਦਰ ਕੀਤਾ ਹੈ, ਬਲਕਿ ਦੇਸ਼ ਵਾਸੀਆਂ ਦੀਆਂ ਭਾਵਨਾਵਾਂ ਨੂੰ ਵੀ ਡੂੰਘੀ ਠੇਸ ਪਹੁੰਚਾਈ ਹੈ।
ਸ਼ਨੀਵਾਰ ਨੂੰ ਜੋ ਸਪੱਸ਼ਟੀਕਰਨ ਤੁਸੀਂ ਜਾਰੀ ਕੀਤਾ ਹੈ, ਉਹ ਲੋਕਾਂ ਦੀਆਂ ਦੁਖੀ ਭਾਵਨਾਵਾਂ ’ਤੇ ਮੱਲ੍ਹਮ ਲਾਉਣ ਲਈ ਕਾਫੀ ਨਹੀਂ ਹੈ। ਕੋਰੋਨਾ ਮਹਾਂਮਾਰੀ ਦੇ ਇਸ ਸੰਕਟ ਵਿੱਚ, ਜਦੋਂ ਐਲੋਪੈਥੀ ਅਤੇ ਇਸ ਨਾਲ ਜੁੜੇ ਡਾਕਟਰਾਂ ਨੇ ਕਰੋੜਾਂ ਲੋਕਾਂ ਨੂੰ ਨਵੀਂ ਜ਼ਿੰਦਗੀ ਦਿੱਤੀ ਹੈ, ਤਾਂ ਇਹ ਕਹਿਣਾ ਬਹੁਤ ਹੀ ਮੰਦਭਾਗਾ ਹੈ ਕਿ ਐਲੋਪੈਥੀ ਦਵਾਈ ਖਾਣ ਕਾਰਨ ਕਰੋੜਾਂ ਕੋਰੋਨਾ ਮਰੀਜ਼ਾਂ ਦੀ ਮੌਤ ਹੋ ਗਈ।
ਜਾਣੋ ਕੀ ਹੈ ਮਾਮਲਾ
ਦੱਸ ਦੇਈਏ ਕਿ ਯੋਗ ਗੁਰੂ ਬਾਬਾ ਰਾਮਦੇਵ ਦਾ ਦੋ ਮਿੰਟ 19 ਸੈਕਿੰਡ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਬਹੁਤ ਵਾਇਰਲ ਹੋ ਰਿਹਾ ਹੈ। ਇਸ ਵਿੱਚ ਬਾਬਾ ਰਾਮਦੇਵ ਆਪਣੇ ਫੋਨ ਤੋਂ ਸਾਧਕਾਂ ਸਾਹਮਣੇ ਮੈਸੇਜ ਪੜ੍ਹਦੇ ਦਿਖਾਈ ਦੇ ਰਹੇ ਹਨ, ਜਿਸ ਵਿੱਚ ਐਲੋਪੈਥਿਕ ਦਵਾਈਆਂ ’ਤੇ ਉਨ੍ਹਾਂ ਦੀ ਤਰਫੋਂ ਕਈ ਗੰਭੀਰ ਸਵਾਲ ਉਠਾਏ ਜਾ ਰਹੇ ਹਨ। ਉਹ ਕਹਿੰਦੇ ਹਨ ਕਿ ਸਾਰੀਆਂ ਐਲੋਪੈਥਿਕ ਦਵਾਈਆਂ ਅਸਫਲ ਹੋ ਗਈਆਂ ਹਨ। ਦਵਾਈ ਬੁਖਾਰ ਲਈ ਵੀ ਕੰਮ ਨਹੀਂ ਕਰ ਰਹੀ। ਦਵਾਈ ਸਰੀਰ ਦਾ ਤਾਪਮਾਨ ਘੱਟ ਕਰਦੀ ਹੈ, ਪਰ ਬੁਖਾਰ ਕਿਉਂ ਆ ਰਿਹਾ ਹੈ, ਇਹ ਹੱਲ ਨਹੀਂ ਹੈ। ਵੀਡੀਓ ਵਿੱਚ ਬਾਬਾ ਰਾਮਦੇਵ ਕਹਿ ਰਹੇ ਹਨ ਕਿ ਐਲੋਪੈਥੀ ਦੀ ਦਵਾਈ ਖਾਣ ਕਾਰਨ ਲੱਖਾਂ ਕੋਰੋਨਾ ਮਰੀਜ਼ਾਂ ਦੀ ਮੌਤ ਹੋ ਗਈ ਹੈ।
ਇਹ ਵੀ ਪੜ੍ਹੋ : Mount Everest ਤੱਕ ਪਹੁੰਚਿਆ Coronavirus, 100 ਤੋਂ ਵੱਧ ਪਰਬਤਾਰੋਹੀ ਪਾਜ਼ੀਟਿਵ
ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐਮਏ) ਨੇ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ‘ਤੇ ਸਖਤ ਇਤਰਾਜ਼ ਪ੍ਰਗਟਾਇਆ ਹੈ। ਆਈਐਮਏ ਨੇ ਕੇਂਦਰੀ ਸਿਹਤ ਮੰਤਰੀ ਡਾ: ਹਰਸ਼ਵਰਧਨ ਤੋਂ ਮੰਗ ਕੀਤੀ ਹੈ ਕਿ ਉਹ ਰਾਮਦੇਵ ਖਿਲਾਫ ਕਾਨੂੰਨੀ ਕਾਰਵਾਈ ਕਰਨ। ਆਈਐਮਏ ਨੇ ਰਾਮਦੇਵ ਦੇ ਬਿਆਨ ‘ਤੇ ਕਾਨੂੰਨੀ ਨੋਟਿਸ ਭੇਜਿਆ ਹੈ। ਇਸ ਦੇ ਨਾਲ ਹੀ ਰਾਮਦੇਵ ਦੇ ਬਿਆਨ ਤੋਂ ਬਾਅਦ ਪਤੰਜਲੀ ਯੋਗਪੀਠ ਦੇ ਜਨਰਲ ਸਕੱਤਰ ਆਚਾਰੀਆ ਬਾਲਕ੍ਰਿਸ਼ਨ ਨੇ ਸਪੱਸ਼ਟੀਕਰਨ ਦਿੱਤਾ। ਉਨ੍ਹਾਂ ਕਿਹਾ ਕਿ ਬਾਬਾ ਰਾਮਦੇਵ ਸਿਰਫ ਇੱਕ ਵ੍ਹਾਟਸਐਪ ਮੈਸੇਜ ਪੜ੍ਹ ਰਹੇ ਸਨ। ਉਨ੍ਹਾਂ ਦਾ ਆਧੁਨਿਕ ਵਿਗਿਆਨ ਅਤੇ ਚੰਗੇ ਡਾਕਟਰਾਂ ਵਿਰੁੱਧ ਕੋਈ ਘਟੀਆ ਮਨੋਰਥ ਨਹੀਂ ਸੀ। ਬਾਬਾ ਰਾਮਦੇਵ ਮਾਡਰਨ ਸਾਇੰਸ ਨੂੰ ਅਗਾਂਹਵਧੂ ਵਿਗਿਆਨ ਮੰਨਦੇ ਹਨ।