ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਅੱਜ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਕਈ ਥਾਵਾਂ ‘ਤੇ ਸਵੇਰ ਤੋਂ ਹੀ ਮੀਂਹ ਪੈ ਰਿਹਾ ਹੈ ਜਿਸ ਨਾਲ ਮੌਸਮ ਠੰਡਾ ਹੋ ਗਿਆ ਦੂਜੇ ਪਾਸੇ ਅੰਮਰਿਤਸਰ ਵਿਚ ਰਾਤ ਤੇ ਸਵੇਰੇ ਪਏ ਮੀਂਹ ਕਾਰਨ ਕਈ ਇਲਾਕਿਆਂ ਵਿਚ ਪਾਣੀ ਇਕੱਠਾ ਹੋ ਗਿਆ। ਲੁਧਿਆਣਾ ਵਿਚ ਬੱਦਲ ਛਾਏ ਹੋਏ ਹਨ। ਸਵੇਰੇ ਹਲਕੀ ਬੂੰਦਾਬਾਦੀ ਸ਼ੁਰੂ ਹੋਈ ਸੀ ਪਰ ਥੋੜ੍ਹੀ ਦੇਰ ਬਾਅਦ ਰੁਕ ਗਈ। ਦੂਜੇ ਪਾਸੇ ਮੋਹਾਲੀ ਵਿਚ ਵੀ ਮੌਸਮ ਵਿਚ ਨਮੀ ਬਣੀ ਹੋਈ ਹੈ ਤੇ ਮੀਂਹ ਦੀ ਸੰਭਾਵਨਾ ਬਣੀ ਹੋਈ ਹੈ। ਪੱਛਮੀ ਗੜਬੜੀ ਦੇ ਐਕਟਿਵ ਹੋਣ ਕਰਕੇ ਉੱਤਰ ਭਾਰਤ ਦੇ ਕਈ ਹਿੱਸਿਆਂ ਵਿਚ ਭਾਰੀ ਮੀਂਹ ਦੀ ਚੇਤਾਵਨੀ ਦਿੱਤੀ ਗਈ ਹੈ। ਮੌਸਮ ਮਾਹਿਰਾਂ ਮੁਤਾਬਕ ਇਸ ਸਿਸਟਮ ਕਾਰਨ ਬਣੇ ਬੱਦਲ ਅੱਜ ਤੋਂ ਲੈ ਕੇ ਮੰਗਲਵਾਰ ਸਵੇਰ ਤੱਕ ਪੰਜਾਬ ਤੇ ਹਿਮਾਚਲ ਦੇ ਉੱਪਰੀ ਇਲਾਕਿਆਂ ਤੋਂ ਲੰਘਣਗੇ।
ਇਸ ਦੌਰਾਨ ਅਗਲੇ 24 ਘੰਟਿਆਂ ਤੱਕ ਭਾਰਤ ਵਿਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਪਹਾੜੀ ਇਲਾਕਿਆਂ ਵਿਚ ਸਾਧਾਰਨ ਤੋਂ ਵੱਧ ਮੀਂਹ ਪੈ ਸਕਦਾ ਹੈ ਜਿਸ ਨਾਲ ਪੰਜਾਬ ਵਿਚ ਫਿਰ ਤੋਂ ਹੜ੍ਹਾਂ ਦਾ ਖਤਰਾ ਵਧ ਗਿਆ ਹੈ। ਮੀਂਹ ਕਰਕੇ ਡੈਮਾਂ ਵਿਚ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ। ਇਸੇ ਵਜ੍ਹਾ ਤੋਂ ਡੈਮਾਂ ‘ਤੇ ਦਬਾਅ ਘੱਟਕਰਨ ਲਈ ਹੌਲੀ-ਹੌਲੀ ਕੰਟਰੋਲ ਤਰੀਕੇ ਨਾਲ ਪਾਣੀ ਛੱਡਿਆ ਜਾ ਰਿਹਾ ਹੈ ਜਿਸ ਨਾਲ ਨਦੀਆਂ ਦਾ ਪਾਣੀ ਦਾ ਪੱਧਰ ਵੀ ਵਧ ਰਿਹਾ ਹੈ। ਸੂਬੇ ਦੇ 13 ਜ਼ਿਲ੍ਹਿਆਂ ਵਿਚ ਓਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਜਦੋਂ ਕਿ ਬਾਕੀ ਜ਼ਿਲ੍ਹਿਆਂ ਵਿਚ ਵੀ ਭਾਰੀ ਮੀਂਹ ਦੀ ਸੰਭਾਵਨਾ ਨੂੰ ਦੇਖਦੇ ਹੋਏ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
ਮੌਸਮ ਵਿਭਾਗ ਮੁਤਾਬਕ ਅੱਜ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਕਪੂਰਥਲਾ, ਹੁਸ਼ਿਆਰਪੁਰ, ਜਲੰਧਰ, ਨਵਾਂਸ਼ਹਿਰ, ਲੁਧਿਆਣਾ, ਰੂਪਨਗਰ, ਮੋਹਾਲੀ, ਫਤਿਹਗੜ੍ਹ ਸਾਹਿਬ, ਪਟਿਆਲਾ ਤੇ ਸੰਗਰੂਰ ਵਿਚ ਭਾਰੀ ਮੀਂਹ ਦਾ ਅਲਰਟ ਹੈ ਜਦੋਂ ਕਿ ਹੋਰਨਾਂ ਜ਼ਿਲ੍ਹਿਆਂ ਵਿਚ ਯੈਲੋ ਅਲਰਟ ਜਾਰੀ ਹੈ। ਮੀਂਹ ਦੇ ਨਾਲ-ਨਾਲ ਸੂਬੇ ਵਿਚ 40 ਕਿਲੋਮੀਟਰ ਦੀ ਰਫਤਾਰ ਨਾਲ ਹਵਾਵਾਂ ਚੱਲ ਰਹੀਆਂ ਹਨ। BBMB ਤੇ ਪੌਂਗ ਡੈਮ ਲਗਾਤਾਰ ਡੈਮਾਂ ਤੋਂ ਪਾਣੀ ਛੱਡ ਰਿਹਾ ਹੈ। ਪੌਂਗ ਡੈਮ ਵਿਚ ਬੀਤੇ ਦਿਨੀਂ ਲਗਭਗ 39368 ਕਿਊਸਿਕ, ਭਾਖੜਾ ਡੈਮ ਤੋਂ 40964 ਕਿਊਸਿਕ ਤੇ ਰਣਜੀਤ ਸਾਗਤਰ ਡੈਮ ਤੋਂ ਲਗਭਗ 33734 ਕਿਊਸਿਕ ਪਾਣੀ ਛੱਡਿਆ ਗਿਆ ਹੈ ਜਿਸ ਨਾਲ ਰਾਵੀ, ਬਿਆਸ ਤੇ ਸਤਲੁਜ ਵਿਚ ਪਾਣੀ ਦਾ ਪੱਧਰ ਵਧਿਆ ਹੈ।
ਵੀਡੀਓ ਲਈ ਕਲਿੱਕ ਕਰੋ -:
























