High Court bans mining near : ਪੰਜਾਬ ਦੇ ਪਿੰਡਾਂ ਦੇ ਤਲਾਬਾਂ ਦੇ ਕੋਲ ਹੋਣ ਵਾਲੀ ਮਾਈਨਿੰਗ ’ਤੇ ਹਾਈਕੋਰਟ ਵੱਲੋਂ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਪੰਜਾਬ ਸਰਕਾਰ ਨੂੰ ਸਾਰੇ ਤਾਲਾਬਾਂ ਦੇ ਆਲੇ-ਦੁਆਲੇ ਕਬਜ਼ੇ ਜਾਂ ਨਾਜਾਇਜ਼ ਨਿਰਮਾਣ ਨੂੰ ਛੇ ਮਹੀਨਿਆਂ ਵਿਚ ਹਟਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਜਸਟਿਸ ਰਾਜੀਵ ਸ਼ਰਮਾ ਦੀ ਬੈਂਚ ਵੱਲੋਂ ਬੀਤੇ ਦਿਨ ਇਹ ਹੁਕਮ ਜਾਰੀ ਕੀਤੇ ਗਏ।
ਹਾਈਕੋਰਟ ਨੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਵੀ ਹੁਕਮ ਦਿੱਤੇ ਹਨ ਕਿ ਉਹ ਇਹ ਯਕੀਨੀ ਬਣਾਉਣ ਕੇ ਸੂਬੇ ਦੇ ਕਿਸੇ ਵੀ ਪਿੰਡ ਦੇ ਤਲਾਬ ਵਿਚ ਸੀਵਰ ਦਾ ਪਾਣੀ ਨਾ ਸੁੱਟਿਆ ਜਾਵੇ ਅਤੇ ਨਾਲ ਹੀ ਤਲਾਬਾਂ ਦੇ ਪਾਣੀ ਦੀ ਕੁਆਲਿਟੀ ਦੀ ਵੀ ਜਾਂਚ ਕੀਤੀ ਜਾਵੇ। ਹਾਈਕੋਰਟ ਨੇ ਛੇ ਮਹੀਨਿਆਂ ਦੇ ਅੰਦਰ ਤਾਲਾਬਾਂ ਦੀ ਪੂਰੀ ਮੁਰੰਮਤ ਕਰਨ ਅਤੇ ਇਨ੍ਹਾਂ ਦਾ ਰਿਕਾਰਡ ਅਪਡੇਟ ਕਰਨ ਲਈ ਕਿਹਾ ਹੈ।
ਐਡਵੋਕੇਟ ਰਾਹੁਲ ਭਾਰਗਵ ਨੇ ਹਾਈਕੋਰਟ ਵਿਚ ਦਾਇਰ ਪਟੀਸ਼ਨ ਵਿਚ ਦੱਸਿਆ ਕਿ ਜਲੰਧਰ ਦੇ ਫਿਲੌਰ ਦੇ ਪਿੰਡ ਕਾਂਗਰਿਆ ਵਿਚ ਤਲਾਬ ਦੇ ਆਲੇ-ਦੁਆਲੇ ਨਾਜਾਇਜ਼ ਮਾਈਨਿੰਗ ਕਰਕੇ ਮਿੱਟੀ ਚੋਰੀ ਦਾ ਕੰਮ ਕੀਤਾ ਜਾ ਰਿਹਾ ਹੈ। ਇਸ ’ਤੇ ਹਾਈਕੋਰਟ ਨੇ ਮਾਮਲੇ ਦਾ ਨੋਟਿਸ ਲੈਂਦਿਆਂ ਕਿਹਾ ਕਿ ਇਹ ਸਿਰਫ ਇਕ ਪਿੰਡ ਦਾ ਮਾਮਲਾ ਨਹੀਂ ਹੈ, ਪੂਰੇ ਪੰਜਾਬ ਦੇ ਤਲਾਬਾਂ ਦੇ ਆਲੇ-ਦੁਆਲੇ ਨਾਜਾਇਜ਼ ਮਾਈਨਿੰਗ ਕੀਤੀ ਜਾ ਰਹੀ ਹੈ, ਜਿਸ ਦੇ ਚੱਲਦਿਆਂ ਇਹ ਹੁਕਮ ਜਾਰੀ ਕੀਤੇ ਗਏ ਹਨ।