High Court issues notice to 8 people : ਜਲੰਧਰ ’ਚ ਡੇਢ ਮਹੀਨੇ ਪਹਿਲਾਂ ਮੀਂਹ ਦੇ ਪਾਣੀ ਵਿੱਚ ਲੰਘਣ ਸਮੇਂ ਕਰੰਟ ਨਾਲ ਹੋਈ ਮੌਤ ਦੇ ਮਾਮਲੇ ਵਿਚ ਬੁੱਧਵਾਰ ਨੂੰ ਪੰਜਾਬ-ਹਰਿਆਣਾ ਹਾਈਕੋਰਟ ਨੇ ਵੱਡੀ ਕਾਰਵਾਈ ਕਰਦਿਆਂ ਇਕ ਪਟੀਸ਼ਨ ’ਤੇ 31 ਅਗਸਤ ਨੂੰ ਪੰਜਾਬ ਦੇ ਗ੍ਰਹਿ ਸਕੱਤਰ ਸਣੇ 8 ਲੋਕਾਂ ਨੂੰ ਨੋਟਿਸ ਜਾਰੀ ਕੀਤਾ ਹੈ। ਸ਼ਹਿਰ ਦੇ ਪੀਰ ਬੋਦਲਾਂ ਬਾਜ਼ਾਰ ਵਿਚ ਮੀਂਹ ਦੇ ਪਾਣੀ ਵਿਚ ਬਿਜਲੀ ਦੀ ਤਾਰ ਟੁੱਟ ਕੇ ਡਿੱਗੀ ਹੋਈ ਸੀ ਅਤੇ ਬਾਵਜੂਦ ਇਸ ਦੇ ਮੌਕੇ ਦਾ ਮੁਆਇਨਾ ਕਰਨ ਵਾਲੀ ਪੁਲਿਸ ਟੀਮ ਨੇ ਇਸ ਘਟਨਾ ਨੂੰ ਕੁਦਰਤੀ ਆਫਤ ਦੱਸ ਦੇ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਇਸੇ ਕਾਰਨ ਹਾਈਕੋਰਟ ਵਿਚ ਪਟੀਸ਼ਨ ਲਗਾਈ ਗਈ ਸੀ ਅਤੇ ਇਸ ਦੀ ਸੁਣਵਾਈ ਕਰਦੇ ਹੋਏ 8 ਲੋਕਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਇਨ੍ਹਾਂ ਵਿਚ ਸੂਬੇ ਦੇ ਗ੍ਰਹਿ ਸਕੱਤਰ, ਜਲੰਧਰ ਦੇ ਪੁਲਿਸ ਕਮਿਸ਼ਨਰ, ਥਾਣਾ ਡਵੀਜ਼ਨ-4 ਦੇ ਇੰਚਾਰਜ, ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਚੇਅਰਮੈਨ ਵੀ ਸ਼ਾਮਲ ਹਨ।
ਦੱਸਣਯੋਗ ਤੇਲ ਵਾਲੀ ਗਲੀ (ਛੋਟਾ ਅਲੀ ਮੁਹੱਲਾ) ਨਿਵਾਸੀ ਗੁਲਸ਼ਨ ਪੱਕਾ ਬਾਗ ਵਿੱਚ ਫੋਟੋ ਫ੍ਰੇਮ ਦੀ ਇੱਕ ਦੁਕਾਨ ’ਤੇ ਕੰਮ ਕਰਦਾ ਸੀ। ਉਸ ਨੂੰ ਲੈਣ ਲਈ ਰੋਜ਼ ਸੇਂਟ ਸੋਲਡਰ ਡਿਵਾਈਨ ਸਕੂਲ ਵਿਚ ਪੰਜਵੀਂ ਕਲਾਸ ’ਚ ਪੜ੍ਹਣ ਵਾਲਾ ਉਸ ਦਾ 13 ਸਾਲਾ ਪੁੱਤਰ ਦੁਕਾਨ ’ਤੇ ਜਾਂਦਾ ਸੀ। 10 ਜੁਲਾਈ 2020 ਦੀ ਰਾਤ ਨੂੰ ਦੋਵੇਂ ਪੈਦਲ ਹੀ ਦੁਕਾਨ ਤੋਂ ਘਰ ਪਰਤ ਰਹੇ ਸਨ। ਇਸ ਦੌਰਾਨ ਮੀਂਹ ਪੈ ਰਿਹਾ ਸੀ ਅਤੇ ਇਸ ਕਾਰਨ ਬਾਜ਼ਾਰ ਵਿਚ ਪਾਣੀ ਭਰਿਆ ਹੋਇਆ ਸੀ। ਇਸੇ ਪਾਣੀ ’ਚ ਬਿਜਲੀ ਦੀ ਇਕ ਤਾਰ ਵੀ ਅਚਾਨਕ ਟੁੱਟ ਕੇ ਡਿੱਗ ਗਈ, ਜਿਸ ਦੇ ਕਰੰਟ ਨਾਲ ਪਿਓ-ਪੁੱਤਰ ਦੋਵਾਂ ਦੀ ਮੌਤ ਹੋ ਗਈ। ਹਾਲਾਂਕਿ ਉਥੋਂ ਲੰਘ ਰਹੇ ਕੁਝ ਰਾਹਗੀਰਾਂ ਨੇ ਡੰਡੇ ਦੀ ਮਦਦ ਨਾਲ ਉਨ੍ਹਾਂ ਨੂੰ ਤਾਰ ਤੋਂ ਵੱਖਰਾ ਕੀਤਾ ਅਤੇ ਤੁਰੰਤ ਈਐਸਆਈ ਹਸਪਤਾਲ ਪਹੁੰਚਾਇਆ, ਜਿਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਵਿਧਾਇਕ ਰਜਿੰਦਰ ਬੇਰੀ ਅਤੇ ਕੌਂਸਲਰ ਰਾਧਿਕਾ ਪਾਠਕ ਦੇ ਬੇਟੇ ਕਰਨ ਵੀ ਹਸਪਤਾਲ ਪਹੁੰਚੇ। ਇਸ ਮਾਲਮੇ ’ਚ ਥਾਣਾ ਚਾਰ ਦੇ ਇੰਚਾਰਜ ਰਛਪਾਲ ਸਿੰਘ ਦਾ ਕਹਿਣਾ ਸੀ ਕਿ ਦੋਵਾਂ ਦੀ ਮੌਤ ਕੁਦਰਤੀ ਆਫਤ ਕਾਰਨ ਹੋਈ ਹੈ, ਅਜਿਹੇ ’ਚ ਕੋਈ ਪੁਲਿਸ ਕਾਰਵਾਈ ਨਹੀਂ ਬਣਦੀ। ਉਧਰ ਐਡਵੋਕੇਟ ਵਿਨੇ ਸ਼ਰਮਾ ਨੇ ਕਿਹਾ ਸੀ ਕਿ ਪੀੜਤ ਪਰਿਵਾਰ ਚਾਹੇ ਤਾਂ ਪਾਵਰਕਾਮ ਦੀ ਲਾਪਰਵਾਹੀ ਸੰਬੰਦੀ ਸ਼ਿਕਾਇਤ ਦੇ ਸਕਦਾ ਹੈ।
ਹਾਈਕੋਰਟ ’ਚ ਗੁਲਸ਼ਨ ਦੀ ਮਾਤਾ ਸਰਲਾ ਰਾਣੀ ਵੱਲੋਂ ਦਾਇਰ ਇਸ ਸਬੰਧੀ ਪਟੀਸ਼ਨ ਵਿੱਚ ਸੂਬੇ ਦੇ ਗ੍ਰਹਿ ਸਕੱਤਰ, ਜਲੰਧਰ ਦੇ ਪੁਲਿਸ ਕਮਿਸ਼ਨਰ, ਥਾਣਾ ਡਵੀਦਜ਼ਨ-4 ਦੇ ਇੰਚਾਰਜ, ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਚੇਅਰਮੈਨ, ਚੀਫ ਇੰਜੀਨੀਅਰ ਨਾਰਥ, ਜਲੰਧਰ ਦੇ ਅਸਿਸਟੈਂਟ ਇੰਜੀਨੀਅਰ ਸ਼ਮਸੇਰ ਚੰਦਰ, ਜੇਈ ਜਤਿੰਦਰ ਕੁਮਾਰ, ਮਕਸੂਦਾਂ ਸਥਿਤ ਦਫਤਰ ਦੇ ਐਗਜ਼ੀਕਿਊਟਿਵ ਇੰਜੀਨੀਅਰ ਦਰਸ਼ਨ ਸਿੰਘ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਸਰਲਾ ਰਾਣੀ ਨੇ ਦੱਸਿਆ ਕਿ ਏਡੀਓ ਹੱਸਦਾ-ਵਸਦਾ ਪੰਜਾਬ, ਮਾਡਲ ਹਾਊਸ ਸਥਿਤ ਦਸਤਾਰ-ਏ-ਖਾਲਸਾ ਯੂਥ ਕਲੱਬ, ਚਹਾਰ ਬਾਗ ਨੌਜਵਾਨ ਸਭਾ ਅਤੇ ਸੈਂਟਰਲ ਟਾਊਨ ਸਥਿਤ ਗੁਰਦੁਆਰਾ ਦੀਵਾਨ ਅਸਥਾਨ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਹੀ ਨਿਆਂ ਦਾ ਦਰਵਾਜ਼ਾ ਖੜਕਾਇਆ, ਜਿਨ੍ਹਾਂ ਨੇ ਉਨ੍ਹਾਂ ਦਾ ਸਾਥ ਦਿੱਤਾ। ਉਨ੍ਹਾਂ ਇਨ੍ਹਾਂ ਸਾਰੀਆਂ ਸੰਸਥਾਵਾਂ ਦਾ ਧੰਨਵਾਦ ਕੀਤਾ।