High Court slams IG Parmaraj Umranangal : ਕੋਟਕਪੂਰਾ ਗੋਲੀਕਾਂਡ ਮਾਮਲੇ ਵਿੱਚ ਨਾਮਜ਼ਦ IG ਪਰਮਰਾਜ ਉਮਰਾਨੰਗਲ ਨੂੰ ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ ਵੱਡਾ ਝਟਕਾ ਦਿੰਦੇ ਹੋਏ ਉਸ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ, ਜਿਸ ਤੋਂ ਬਾਅਦ ਉਮਰਾਨੰਗਲ ਵੱਲੋਂ ਇਹ ਪਟੀਸ਼ਨ ਵਾਪਿਸ ਲੈ ਲਈ ਗਈ ਹੈ। ਦੱਸਣਯੋਗ ਹੈ ਕਿ ਇਸ ਪਟੀਸ਼ਨ ਵਿੱਚ ਉਮਰਾਨੰਗਲ ਨੇ ਪੂਰੇ ਡਿਊਟੀ ਕਾਲ ਦੌਰਾਨ ਉਨ੍ਹਾਂ ਖ਼ਿਲਾਫ਼ ਦਰਜ ਹੋਣ ਵਾਲੇ ਕਿਸੇ ਵੀ ਮਾਮਲੇ ਵਿੱਚ ਉਨ੍ਹਾਂ ਨੂੰ 7 ਦਿਨ ਪਹਿਲਾਂ ਨੋਟਿਸ ਦੇਣ ਦੀ ਮੰਗ ਕੀਤੀ ਸੀ।
ਦੱਸਣਯੋਗ ਹੈ ਕਿ ਆਈਜੀ ਉਮਰਾਨੰਗਲ ਵੱਲੋਂ ਦਾਇਰ ਪਟੀਸ਼ਨ ਵਿੱਚ ਕਿਹਾ ਗਿਆ ਸੀ ਕਿ ਮੌਜੂਦਾ ਸਮੇਂ ਉਨ੍ਹਾਂ ਖ਼ਿਲਾਫ਼ ਤਿੰਨ FIR ਦਰਜ ਹਨ ਅਤੇ ਜੇਕਰ ਉਨ੍ਹਾਂ ’ਤੇ ਅੱਗੇ ਭਵਿੱਖ ਵਿੱਚ ਕੋਈ FIR ਦਰਜ ਕੀਤੀ ਜਾਂਦੀ ਹੈ ਤਾਂ ਉਸ ਸੰਬੰਧੀ ਕੋਈ ਵੀ ਕਾਰਵਾਈ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ 7 ਦਿਨ ਦਾ ਨੋਟਿਸ ਦਿੱਤਾ ਜਾਣਾ ਚਾਹੀਦਾ ਹੈ। ਪਟੀਸ਼ਨ ’ਤੇ ਸੁਣਵਾਈ ਕਰਦੇ ਹੋਏ ਹਾਈਕੋਰਟ ਨੇ ਕਿਹਾ ਕਿ ਕੀ ਅਜਿਹਾ ਕਿਵੇਂ ਹੋ ਸਕਾਦ ਹੈ, ਕੀ ਇਹ ਅਧਿਕਾਰ ਹਰੇਕ ਮੁਲਜ਼ਮ ਨੂੰ ਨਾ ਦਿੱਤਾ ਜਾਵੇ? ਹਾਈਕੋਰਟ ਦਾ ਸਖਤ ਰੁਖ਼ ਦੇਖਣ ਤੋਂ ਬਾਅਦ ਉਮਰਾਨੰਗਲ ਨੇ ਇਹ ਪਟੀਸ਼ਨ ਵਾਪਿਸ ਲੈ ਲਈ। ਦੱਸ ਦੇਈਏ ਕਿ ਪਰਮਰਾਜ ਉਮਰਾਨੰਗਲ ਨੇ ਇਹ ਪਟੀਸ਼ਨ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਦੀ ਤਰਜ਼ ‘ਤੇ ਲਗਾਈ ਸੀ।
ਜ਼ਿਕਰਯੋਗ ਹੈ ਕਿ ਆਈਜੀ ਉਮਰਾਨੰਗਲ ’ਤੇ ਕੋਟਕਪੂਰਾ ਗੋਲੀਕਾਂਡ ਅਤੇ ਸੁਖਪਾਲ ਸਿੰਘ ਨਾਮੀ ਵਿਅਕਤੀ ਦੇ ਫਰਜ਼ੀ ਐਨਕਾਊਂਟਰ ਸੰਬੰਧੀ ਮਾਮਲੇ ਚੱਲ ਰਹੇ ਹਨ। ਸਾਲ 1994 ਵਿੱਚ ਜਦੋਂ ਪਰਮਰਾਜ ਸਿੰਘ ਉਮਰਾਨੰਗਲ ਰੋਪੜ ਵਿਖੇ ਡੀਐਸਪੀ ਅਹੁਦੇ ‘ਤੇ ਤਾਇਨਾਤ ਸਨ, ਉਸ ਸਮੇਂ ਉਨ੍ਹਾਂ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਗੁਰਨਾਮ ਸਿੰਘ ਬੰਦਾਲਾ ਨਾਮੀ ਵਿਅਕਤੀ ਨੂੰ ਐਨਕਾਊਂਟਰ ਵਿੱਚ ਮਾਰ ਦਿੱਤਾ ਹੈ ਪਰ ਇਹ ਵਿਅਕਤੀ ਜਿਊਂਦਾ-ਜਾਗਦਾ ਖੁਦ ਸਾਹਮਣੇ ਆ ਗਿਆ, ਜਿਸ ’ਤੇ ਉਨ੍ਹਾਂ ਦੇ ਝੂਠੇ ਦਾਅਵੇ ਦੀ ਪੋਲ ਖੁੱਲ੍ਹ ਗਈ। 11 ਸਾਲਾਂ ਬਾਅਦ ਇਸ ਮਾਮਲੇ ਵਿੱਚ ਇੱਕ ਐੱਫਆਈਰ ਦਰਜ ਕੀਤੀ ਗਈ। ਦੂਜੇ ਪਾਸੇ ਐਨਕਾਊਂਟਰ ਵਿੱਚ ਮਾਰੇ ਗਏ ਵਿਅਕਤੀ ਸੁਖਪਾਲ ਸਿੰਘ ਦੇ ਪਰਿਵਾਰ ਨੇ ਹਾਈਕੋਰਟ ’ਚ ਪਟੀਸ਼ਨ ਦਾਇਰ ਕਰਕੇ ਮਾਮਲੇ ਦੀ ਸੀਬੀਆਈ ਤੋਂ ਜਾਂਚ ਦੀ ਮੰਗ ਕੀਤੀ। ਉਸ ਸਮੇਂ ਹਾਈਕੋਰਟ ਨੇ ਇਸ ਮਾਮਲੇ ਦੀ ਜਾਂਚ SIT ਨੂੰ ਸੌਂਪੀ। ਹਾਲਾਂਕਿ ਕੋਟਕਪੂਰਾ ਗੋਲੀਕਾਂਡ ਮਾਮਲੇ ਵਿੱਚ ਉਮਰਾਨੰਗਲ ਨੂੰ ਜ਼ਮਾਨਤ ਮਿਲ ਚੁੱਕੀ ਹੈ।