ਹੁਸ਼ਿਆਰਪੁਰ ਵਿਚ ਬੀਤੀ ਦੇਰ ਰਾਤ ਮਾਹਿਲਪੁਰ ਕੋਟ ਫਤੂਹੀ ਰੋਡ ‘ਤੇ ਪਿੰਡ ਪਾਲਦੀ ਕੋਲ ਹੋਏ ਇਕ ਭਿਆਨਕ ਸੜਕ ਹਾਦਸੇ ਵਿਚ ਢਾਡਾ ਖੁਰਦ ਦੇ ਸਰਪੰਚ ਦੇ ਇਕਲੌਤੇ ਮੁੰਡੇ ਸਣੇ 2 ਨੌਜਵਾਨਾਂ ਦੀ ਮੌਤ ਹੋ ਗਈ। ਹਾਦਸਾ ਉਸ ਸਮੇਂ ਵਾਪਰਿਆ ਜਦੋਂ ਤੇਜ਼ ਰਫਤਾਰ ਥਾਰ ਗੱਡੀ ਦਾ ਟਾਇਰ ਅਚਾਨਕ ਫਟ ਗਿਆ ਤੇ ਵਾਹਨ ਬੇਕਾਬੂ ਹੋ ਕੇ ਦਰੱਖਤ ਨਾਲ ਟਕਰਾਉਣ ਦੇ ਬਾਅਦ ਪਲਟ ਗਿਆ। ਦੋਵਾਂ ਦੀਆਂ ਮ੍ਰਿਤਕ ਦੇਹਾਂ ਦਾ ਪੋਸਟਮਾਰਟਮ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਤੋਂ ਕਰਵਾਇਆ ਗਿਆ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਥਾਰ ਦੇ ਪਰਖੱਚੇ ਉਡ ਗਏ।
ਪਿੰਡ ਢਾਡਾ ਖੁਰਦ ਦੇ ਇਕ ਨੌਜਵਾਨ ਨੂੰ ਮੌਕੇ ‘ਤੇ ਸਿਵਲ ਹਸਪਤਾਲ ਹੁਸ਼ਿਆਰਪੁਰ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਜਦੋਂ ਕਿ ਦੂਜੇ ਪਿੰਡ ਮੁਖੋਮਾਜਰਾ ਦੇ ਇਕ ਨੌਜਵਾਨ ਨੂੰ ਸਿਵਲ ਹਸਪਤਾਲ ਮਾਹਿਲਪੁਰ ਲਿਆਂਦਾ ਗਿਆ ਜਿਥੇ ਉਸ ਦੀ ਹਾਲਤ ਗੰਭੀਰ ਦੇਖਦੇ ਹੋਏ ਉਸ ਨੂੰ ਹੁਸ਼ਿਆਰਪੁਰ ਦੇ ਇਕ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ ਤੇ ਉਥੋਂ ਉਸ ਨੂੰ ਲੁਧਿਆਣਾ ਭੇਜ ਦਿੱਤਾ ਗਿਆ। ਲੁਧਿਆਣਾ ਵਿਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਦੱਸਿਆ ਜਾ ਰਿਹਾ ਹੈ ਕਿ ਇਹ ਦੋਵੇਂ ਨੌਜਵਾਨ ਮਾਹਿਲਪੁਰ ਤੋਂ ਪਿੰਡ ਢਾਡਾ ਖੁਰਦ ਜਾ ਰਹੇ ਸਨ ਤੇ 12ਵੀਂ ਕਲਾਸ ਦੇ ਵਿਦਿਆਰਥੀ ਸਨ। ਮਾਹਿਲਪੁਰ ਥਾਣੇ ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕਾਂ ਦੀ ਪਛਾਣ 17 ਸਾਲਾ ਹਰਸ਼ਵੀਰ ਸਿੰਘ ਮਾਨ ਪੁੱਤਰ ਸਰਪੰਚ ਹਰਦੀਪ ਸਿੰਘ ਮਾਨ ਵਾਸੀ ਪਿੰਡ ਢੱਡਾ ਖੁਰਦ ਤੇ ਉਸ ਦੇ ਕਰੀਬੀ ਦੋਸਤ ਹਰਸਿਮਰਨ ਸਿੰਘ ਕਲੇਰ ਵਾਸੀ ਪਿੰਡ ਮੁਖੋਮਜਾਰਾ ਵਜੋਂ ਹੋਈ ਹੈ। ਹਾਦਸੇ ਸਮੇਂ ਹਰਸ਼ਵੀਰ ਦੀ ਥਾਰ ਗੱਡੀ ਹਰਸਿਮਰਨ ਸਿੰਘ ਕਲੇਰ ਚਲਾ ਰਿਹਾ ਸੀ ਤੇ ਹਰਸ਼ਵੀਰ ਉਸ ਦੇ ਕੋਲ ਬੈਠਾ ਸੀ।
ਮੌਕੇ ‘ਤੇ ਮੌਜੂਦ ਲੋਕਾਂ ਮੁਤਾਬਕ ਗੱਡੀ ਦੀ ਰਫਤਾਰ ਕਾਫੀ ਤੇਜ਼ ਸੀ। ਪਿੰਡ ਪਾਲਦੀ ਕੋਲ ਅਚਾਨਕ ਗੱਡੀ ਦੇ ਟਾਇਰ ਵਿਚ ਲੋਹੇ ਦੀ ਰਾਡ ਲੱਗ ਗਈ ਜਿਸ ਨਾਲ ਟਾਇਰ ਫਟ ਗਿਆ। ਗੱਡੀ ਬੇਕਾਬੂ ਹੋ ਕੇ ਪਹਿਲਾਂ ਇਕ ਦੀਵਾਰ ਤੋੜਦੀ ਹੋਈ ਦਰੱਖਤ ਨਾਲ ਟਕਰਾਈ ਤੇ ਫਿਰ ਪਲਟ ਗਈ। ਇਸ ਦੌਰਾਨ ਹਰਸਿਮਰਨ ਸਿੰਘ ਕਲੇਰ ਨੇ ਗੱਡੀ ਤੋਂ ਛਾਲ ਮਾਰਨ ਦੀ ਕੋਸ਼ਿਸ਼ ਕੀਤੀ ਜਦੋਂ ਕਿ ਹਰਸ਼ਵੀਰ ਅੰਦਰ ਹੀ ਫਸ ਗਿਆ। ਰਾਹਗੀਰਾਂ ਨੇ ਤੁਰੰਤ ਮਦਦ ਕਰਦੇ ਹੋਏ ਗੱਡੀ ਨੂੰ ਸਿੱਧਾ ਕੀਤਾ ਤੇ ਦੋਵਾਂ ਨੂੰ ਬਾਹਰ ਕੱਢਿਆ। ਪਰਿਵਾਰ ਵਾਲਿਆਂ ਦੀ ਮਦਦ ਨਾਲ ਦੋਵਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਪਰ ਦੋਵਾਂ ਦੀ ਮੌਤ ਹੋ ਗਈ।
ਵੀਡੀਓ ਲਈ ਕਲਿੱਕ ਕਰੋ -:
























