Himachal government bans : ਰੂਪਨਗਰ : ਕੋਰੋਨਾ ਵਾਇਰਸ ਦੇ ਮਾਲੇ ਤੇਜ਼ੀ ਨਾਲ ਵੱਧ ਰਹੇ ਹਨ, ਜਿਸ ਦੇ ਚੱਲਦਿਆਂ ਡੇਰਾ ਬਾਬਾ ਵਡਭਾਗ ਸਿੰਘ ਜੀ ਜ਼ਿਲ੍ਹਾ ਉਨ੍ਹਾਂ ਵਿਖੇ ਹੋਣ ਵਾਲੇ ਮੈੜੀ ਮੇਲੇ ‘ਤੇ ਵੀ ਹਿਮਾਚਲ ਸਰਕਾਰ ਨੇ ਰੋਕ ਲਗਾ ਦਿੱਤੀ ਹੈ। ਇਹ ਜਾਣਕਾਰੀ ਸੋਨਾਲੀ ਗਿਰੀ ਡਿਪਟੀ ਕਮਿਸ਼ਨਰ ਰੂਪਨਗਰ ਵਲੋਂ ਦਿੱਤੀ ਗਈ। ਦੱਸਣਯੋਗ ਹੈ ਕਿ ਇਹ ਮੈੜੀ ਮੇਲਾ 21 ਮਾਰਚ ਤੋਂ 31 ਮਾਰਚ ਤੱਕ ਕਰਵਾਇਆ ਜਾਣਾ ਸੀ ਪਰ ਹੁਣ ਵਧਦੇ ਕੋਰੋਨਾ ਦੇ ਪਸਾਰ ਕਰਕੇ ਇਸ ਮੇਲੇ ਵਿੱਚ ਆਮ ਪਬਲਿਕ, ਸ਼ਰਧਾਲੂ ਅਤੇ ਜੱਥਿਆਂ ਉਪਰ ਇਸ ਆਉਣ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਮਜਿਸਟ੍ਰੇਟ ਊਨਾ, ਹਿਮਾਚਲ ਪ੍ਰਦੇਸ ਵਲੋਂ ਲਿਖਤੀ ਤੌਰ ‘ਤੇ ਪ੍ਰਾਪਤ ਹੋਏ ਪੱਤਰ ਮੁਤਾਬਕ ਮਹਾਮਾਰੀ ਸਬੰਧੀ ਕੋਵਿਡ ਮਰੀਜ਼ਾਂ ਦੀ ਗਿਣਤੀ ਵਧਣ ਕਾਰਨ ਇਸ ਮੇਲੇ ਵਿਚ ਆਉਣ ਵਾਲੀ ਆਮ ਪਬਲਿਕ, ਸ਼ਰਧਾਲੂ ਅਤੇ ਜੱਥਿਆਂ ਤੇ ਰੋਕ ਲਗਾਈ ਗਈ ਹੈ। ਇਸ ਸੰਦਰਭ ਵਿਚ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਜ਼ਿਲ੍ਹੇ ਦੇ ਸ਼ਰਧਾਲੂਆਂ ਨੂੰ ਇਹ ਅਪੀਲ ਕੀਤੀ ਹੈ ਕਿ ਕੋਵਿਡ-19 ਦੀ ਸਥਿਤੀ ਨੂੰ ਧਿਆਨ ਵਿਚ ਰੱਖਦੇ ਹੋਏ ਅਤੇ ਹਿਮਾਚਲ ਪ੍ਰਦੇਸ਼ ਦੀਆਂ ਹਿਦਾਇਤਾਂ ਦੇ ਮੱਦੇਨਜਰ ਇਸ ਮੇਲੇ ਵਿਚ ਜਾਣ ਤੋਂ ਗੁਰੇਜ਼ ਕੀਤਾ ਜਾਵੇ। ਜ਼ਿਕਰਯੋਗ ਹੈ ਕਿ ਮੈੜੀ ਮੇਲੇ ਵਿਚ ਵੱਖ-ਵੱਖ ਰਾਜਾਂ ਤੋਂ ਵੱਡੀ ਮਾਤਰਾ ਵਿਚ ਸ਼ਰਧਾਲੂ ਆਪਣੀ ਸ਼ਰਧਾ ਪ੍ਰਗਟਾਉਣ ਲਈ ਪਹੁੰਚਦੇ ਹਨ।