Hit and Run Case in Mohali : ਪੰਜਾਬ ਦੇ ਮੁਹਾਲੀ ਤੋਂ ਹਿੱਟ ਐਂਡ ਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਤੇਜ਼ ਰਫਤਾਰ ਕਾਰ ਨੇ ਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਸਾਈਕਲ ਸਵਾਰ ਕਾਰ ਦੀ ਛੱਤ ’ਤੇ ਜਾ ਡਿੱਗਿਆ ਅਤੇ ਉਸਦੀ ਮੌਤ ਹੋ ਗਈ। ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਕਾਰ ਚਾਲਕ ਉਸ ਦੀ ਲਾਸ਼ ਨੂੰ ਆਪਣੀ ਕਾਰ ਦੀ ਛੱਤ ‘ਤੇ ਲੈ ਕੇ ਲਗਭਗ 10 ਕਿਲੋਮੀਟਰ ਤੱਕ ਕਾਰ ਚਲਾਉਂਦਾ ਰਿਹਾ। ਬਾਅਦ ਵਿਚ ਉਸਨੇ ਲਾਸ਼ ਨੂੰ ਕਾਰ ਦੀ ਛੱਤ ਤੋਂ ਸੁੱਟ ਦਿੱਤਾ।
ਮੁਹਾਲੀ ਦੀ ਡੀਐਸਪੀ ਰੁਪਿੰਦਰ ਦੀਪ ਕੌਰ ਸੋਹੀ ਨੇ ਦੱਸਿਆ ਕਿ ਇੱਕ ਰਾਹਗੀਰ ਨੇ ਇਸ ਹਾਦਸੇ ਬਾਰੇ ਜਾਣਕਾਰੀ ਦਿੱਤੀ। ਸੀਸੀਟੀਵੀ ਫੁਟੇਜ ਦੀ ਜਾਂਚ ਕਰਨ ਤੋਂ ਬਾਅਦ ਦੋਸ਼ੀ ਕਾਰ ਚਾਲਕ ਦੀ ਪਛਾਣ ਨਿਰਮਲ ਸਿੰਘ ਵਜੋਂ ਹੋਈ ਹੈ ਜੋ ਕਿ ਫਤਿਹਗੜ ਸਾਹਿਬ ਜ਼ਿਲ੍ਹੇ ਦੇ ਖਮਾਣੋਂ ਦਾ ਰਹਿਣ ਵਾਲਾ ਹੈ। ਉਸਨੇ ਲਾਸ਼ ਨੂੰ ਸੰਨੀ ਐਨਕਲੇਵ ਵੱਲ ਸੁੱਟ ਦਿੱਤਾ। ਮ੍ਰਿਤਕ ਦੀ ਪਛਾਣ 35 ਸਾਲਾ ਯੋਗੇਂਦਰ ਮੰਡਲ ਵਜੋਂ ਹੋਈ ਹੈ ਜੋ ਸ਼ਹਿਰ ਦੇ ਏਰੋ ਸਿਟੀ ਏਰੀਆ ਦਾ ਰਹਿਣ ਵਾਲਾ ਹੈ।
ਦੋਸ਼ੀ ਨਿਰਮਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਸ ’ਤੇ ਧਾਰਾ 279, 427, 304 ਅਤੇ 201 ਅਧੀਨ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਅਨੁਸਾਰ ਨਿਰਮਲ ਨੇ ਆਪਣੀ ਕਾਰ ਨਾਲ ਯੋਗੇਂਦਰ ਮੰਡਲ ਸਵਾਰ ਇਕ ਸਾਈਕਲ ਨੂੰ ਟੱਕਰ ਮਾਰ ਦਿੱਤੀ। ਟੱਕਰ ਹੋਣ ਕਾਰਨ ਮੰਡਲ ਉਛਲ ਕੇ ਕਾਰ ਦੀ ਛੱਤ ‘ਤੇ ਡਿੱਗ ਗਿਆ। ਪਰ ਨਿਰਮਲ ਕਾਰ ਨੂੰ ਰੋਕਣ ਦੀ ਬਜਾਏ ਕਾਰ ਚਲਾਉਂਦਾ ਰਿਹਾ। ਉਸਨੇ ਲਗਭਗ 10 ਕਿਲੋਮੀਟਰ ਤੱਕ ਕਾਰ ਚਲਾਈ। ਇਸ ਸਮੇਂ ਦੌਰਾਨ, ਕਾਰ ਦੀ ਛੱਤ ‘ਤੇ ਮੰਡਲ ਪਿਆ ਸੀ। ਇਸੇ ਦੌਰਾਨ ਉਸਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਕਾਰ ਚਾਲਕ ਨਿਰਮਲ ਸਿੰਘ ਬੁੱਧਵਾਰ ਸਵੇਰੇ ਜ਼ੀਰਕਪੁਰ ਤੋਂ ਸੰਨੀ ਐਨਕਲੇਵ ਵੱਲ ਜਾ ਰਿਹਾ ਸੀ ਤਾਂ ਉਸਨੇ ਏਅਰਪੋਰਟ ਰੋਡ ਨੇੜੇ ਸਾਈਕਲ ਸਵਾਰ 35 ਸਾਲਾ ਯੋਗੇਂਦਰ ਮੰਡਲ ਨੂੰ ਟੱਕਰ ਮਾਰ ਦਿੱਤੀ। ਟੱਕਰ ਤੋਂ ਬਾਅਦ ਮੁਲਜ਼ਮ ਨੇ 13 ਰੋਡ ਕ੍ਰਾਸਿੰਗ ਪਾਰ ਕੀਤੀਆਂ ਪਰ ਕਿਸੇ ਨੇ ਛੱਤ ‘ਤੇ ਲਾਸ਼ ਨੂੰ ਨਹੀਂ ਦੇਖਿਆ।