HIV+ blood transfusion case in Bathinda : ਬਠਿੰਡਾ ਵਿੱਚ ਇੱਕ 7 ਸਾਲਾ ਬੱਚੀ ਤੇ ਇੱਕ ਔਰਤ ਨੂੰ ਐਚਆਈਵੀ ਪਾਜ਼ੀਟਿਵ ਖੂਨ ਚੜ੍ਹਾਉਣ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਬਲੱਡ ਬੈਂਕ ਦੇ ਸੀਨੀਅਰ ਲੈਬ ਟੈਕਨੀਸ਼ੀਅਨ ਬਲਦੇਵ ਸਿੰਘ ਰੋਮਾਣਾ ਖ਼ਿਲਾਫ਼ ਇਰਾਦਾ-ਏ-ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਉਸ ਨੂੰ ਬੀਤੇ ਦਿਨ ਦੇਰ ਸ਼ਾਮ ਗ੍ਰਿਫਤਾਰ ਕਰ ਲਿਆ ਗਿਆ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਲੈਬ ਟੈਕਨੀਸ਼ੀਅਨ ਖਿਲਾਫ ਲਾਪਰਵਾਹੀ ਤੇ ਬੀਮਾਰੀ ਫੈਲਾਊਣ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਗਿਆ ਸੀ। ਪਰ ਇਸ ਮਾਮਲੇ ਦੇ ਭਖਣ ’ਤੇ ਇਸ ਵਿੱਚ ਹੁਣ ਇਰਾਦਾ ਕਤਲ ਧਾਰਾ 307 ਨੂੰ ਜੋੜ ਦਿੱਤਾ ਗਿਆ ਹੈ।
ਹਾਲਾਂਕਿ ਇਸ ਮਾਮਲੇ ਵਿੱਚ ਬਲੱਡ ਬੈਂਕ ਦੀ ਇੰਚਾਰਜ ਡਾ. ਕਰਿਸ਼ਮਾ ਅਤੇ ਲੈਬ ਟੈਕਨੀਸ਼ੀਅਨ ਰਿਚੂ ਖਿਲਾਫ ਵੀ ਪੁਲਿਸ ਵੱਲੋਂ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਪਰ ਪੀੜਤ ਪਰਿਵਾਰ ਦਾ ਦੋਸ਼ ਹੈ ਕਿ ਵਿਭਾਗ ਵੱਲੋਂ ਉਕਤ ਦੋਵੇਂ ਮੁਲਾਜ਼ਮਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਦਕਿ ਇਹ ਦੋਵੇਂ ਵੀ ਸੀਨੀਅਰ ਲੈਬ ਟੈਕਨੀਸ਼ੀਅ ਜਿੰਨੇ ਹੀ ਦੋਸ਼ੀ ਹਨ। ਇਸ ਸੰਬੰਧੀ ਸੀਐਮਓ ਡਾ: ਅਮਰੀਕ ਸਿੰਘ ਸੰਧੂ ਦਾ ਕਹਿਣਾ ਹੈ ਕਿ ਮੈਡੀਕਲ ਲੈਬੋਰਟਰੀ ਟੈਕਨੀਸ਼ੀਅਨ ਬਲਦੇਵ ਰੋਮਾਣਾ ਦੇ ਸਿਹਤ ਵਿਭਾਗ ਦੇ ਰੈਗੂਲਰ ਮੁਲਾਜ਼ਮ ਹੋਣ ਕਾਰਨ ਵਿਭਾਗ ਨੂੰ ਉਸ ‘ਤੇ ਕਾਰਵਾਈ ਕਰਨ ਦਾ ਅਧਿਕਾਰ ਹੈ। ਪਰ ਉਕਤ ਦੋਵੇਂ ਮੁਲਾਜ਼ਮ ਐਨਐਚਐਮ ਦੇ ਅਧੀਨ ਹਨ, ਜਿਸ ਕਾਰਨ ਐਨਐਚਐਮ ਵਿਭਾਗ ਵੱਲੋਂ ਪੱਤਰ ਜਾਰੀ ਹੋਣ ‘ਤੇ ਹੀ ਉਨ੍ਹਾਂ ਖਇਲਾਫ ਕਾਰਵਾਈ ਕੀਤੀ ਜਾ ਸਕਦੀ ਹੈ।
ਦੱਸਣਯੋਗ ਹੈ ਕਿ ਬਠਿੰਡਾ ਦੇ ਸਰਾਕਰੀ ਹਸਪਤਾਲ ਵਿੱਚ ਬਲੱਡ ਬੈਂਕ ਦੇ ਮੁਲਾਜ਼ਮਾਂ ਵੱਲੋਂ ਇੱਕ ਸੱਤ ਸਾਲਾ ਬੱਚੀ ਨੂੰ HIV+ ਖੂਨ ਚੜ੍ਹਾ ਦਿੱਤਾ ਗਿਆ, ਜੋਕਿ ਇੱਕ ਵੱਡੀ ਲਾਪਰਵਾਹੀ ਹੈ। ਇਹ ਬੱਚੀ ਜਨਮ ਤੋਂ ਹੀ ਥੈਲੇਸੀਮੀਆ ਬੀਮਾਰੀ ਤੋਂ ਪੀੜਤ ਸੀ ਅਤੇ ਇਸ ਨੂੰ ਹਰ ਮਹੀਨੇ ਬਲੱਡ ਬੈਂਕ ਤੋਂ ਖੂਨ ਚੜ੍ਹਾਉਣਾ ਪੈਂਦਾ ਸੀ। 3 ਅਕਤੂਬਰ ਨੂੰ ਬਲੱਡ ਬੈਂਕ ਵਿੱਚ ਲੈਬ ਟੈਕਨੀਸ਼ੀਅਨ ਬਲਦੇਵ ਸਿੰਘ ਰੋਮਾਣਾ ਅਤੇ ਬਲੱਡ ਬੈਂਕ ਦੀ ਇੰਚਾਰਜ ਡਾ. ਕਰਿਸ਼ਮਾ ਤੇ ਲੈਬ ਟੈਕਨੀਸ਼ਅਨ ਰਿਚੂ ਨੇ ਉਨ੍ਹਾਂ ਨੂੰ ਖੂਨਦਾਨ ਕਰਨ ਵਾਲੇ ਦੀ ਜਾਂਚ ਕੀਤੇ ਬਗੈਰ ਹੀ ਬੱਚੀ ਨੂੰ ਖੂਨ ਚੜ੍ਹਾ ਦਿੱਤਾ। ਇਸ ’ਤੇ ਬੱਚੀ ਦੇ ਮਾਪਿਆਂ ਅਤੇ ਕਈ ਸਮਾਜ ਸੇਵੀ ਸੰਸਥਾਵਾਂ ਵੱਲੋਂ ਦੋਸ਼ੀਆਂ ਵਿਰੁੱਧ ਕਤਲ ਦੀ ਧਾਰਾ ਜੋੜਨ ਦੀ ਮੰਗ ਕੀਤੀ ਜਾ ਰਹੀ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਇਹ ਸਭ ਜਾਣਬੁੱਝ ਕੇ ਕੀਤਾ ਗਿਆ ਹੈ।