hockey legend balbir singh: ਹਾਕੀ ਦੇ ਮਹਾਨ ਖਿਡਾਰੀ ਅਤੇ ਤਿੰਨ ਵਾਰ ਦੇ ਓਲੰਪਿਕ ਸੋਨ ਤਮਗਾ ਜੇਤੂ ਬਲਬੀਰ ਸਿੰਘ ਸੀਨੀਅਰ ਨੂੰ ਮੰਗਲਵਾਰ ਸਵੇਰੇ ਦਿਲ ਦਾ ਦੌਰਾ ਪਿਆ, ਜਿਸ ਕਾਰਨ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਬਲਬੀਰ ਸਿੰਘ ਇਸ ਸਮੇਂ ਮੁਹਾਲੀ ਦੇ ਫੋਰਟਿਸ ਹਸਪਤਾਲ ਦੇ ਮੈਡੀਕਲ ਆਈਸੀਯੂ ਵਿੱਚ ਦਾਖਲ ਹਨ ਅਤੇ ਉਨ੍ਹਾਂ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਹੈ। ਇਸ ਸਥਿਤੀ ਬਾਰੇ ਜਾਣਕਾਰੀ ਦਿੰਦਿਆਂ 96 ਸਾਲਾ ਦਿਗਜ ਦੇ ਦੋਹਤੇ ਕਬੀਰ ਸਿੰਘ ਭੋਮਿਆ ਨੇ ਕਿਹਾ, “ਨਾਨਾ ਜੀ ਨੂੰ ਸਵੇਰੇ ਨੌਂ ਵਜੇ ਦਿਲ ਦਾ ਦੌਰਾ ਪਿਆ। ਫਿਲਹਾਲ ਉਨ੍ਹਾਂ ਨੂੰ ਮੈਡੀਕਲ ਆਈਸੀਯੂ ਵਿੱਚ ਰੱਖਿਆ ਗਿਆ ਹੈ। ਕਈ ਅੰਗਾਂ ਦੇ ਪ੍ਰਭਾਵਿਤ ਹੋਣ ਕਾਰਨ ਉਨ੍ਹਾਂ ਨੂੰ ਸ਼ੁੱਕਰਵਾਰ 8 ਮਈ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਦੀ ਹਾਲਤ ਵਿੱਚ ਥੋੜ੍ਹਾ ਜਿਹਾ ਸੁਧਾਰ ਹੋਇਆ ਸੀ, ਪਰ ਹੁਣ ਫਿਰ ਇਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਉਸ ਨੇ ਦੱਸਿਆ, “ਡਾਕਟਰ ਅਗਲੇ 24 ਤੋਂ 48 ਘੰਟਿਆਂ ਲਈ ਉਨ੍ਹਾਂ ਦੀ ਸਥਿਤੀ ‘ਤੇ ਨਿਰੰਤਰ ਨਿਗਰਾਨੀ ਕਰਨਗੇ ਅਤੇ ਇਸ ਤੋਂ ਬਾਅਦ ਹੀ ਉਨ੍ਹਾਂ ਦੀ ਸਥਿਤੀ ਬਾਰੇ ਕੋਈ ਅਗਲਾ ਬਿਆਨ ਜਾਰੀ ਕੀਤਾ ਜਾਵੇਗਾ। ਉਨ੍ਹਾਂ ਨੂੰ ਅਜੇ ਵੀ ਵੈਂਟੀਲੇਟਰ ‘ਤੇ ਰੱਖਿਆ ਗਿਆ ਹੈ।” ਸਿਹਤ ਖ਼ਰਾਬ ਹੋਣ ਕਾਰਨ ਬਲਬੀਰ ਸਿੰਘ ਨੂੰ ਸ਼ੁੱਕਰਵਾਰ ਨੂੰ ਸੈਕਟਰ -36 ਸਥਿਤ ਆਪਣੀ ਰਿਹਾਇਸ਼ ਤੋਂ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ। ਉਹ ਆਪਣੀ ਬੇਟੀ ਸੁਸ਼ਬੀਰ ਅਤੇ ਕਬੀਰ ਨਾਲ ਰਹਿੰਦੇ ਹਨ। ਵੀਰਵਾਰ ਦੀ ਰਾਤ ਬਲਬੀਰ ਸੀਨੀਅਰ ਨੂੰ ਤੇਜ਼ ਬੁਖਾਰ ਸੀ। ਉਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ।
ਬਲਬੀਰ ਸਿੰਘ ਨੂੰ ਹਸਪਤਾਲ ਵਿੱਚ 108 ਦਿਨ ਬਿਤਾਉਣ ਤੋਂ ਬਾਅਦ ਪਿੱਛਲੇ ਸਾਲ ਜਨਵਰੀ ‘ਚ ਪੀਜੀਆਈਐਮਈਆਰ ਤੋਂ ਛੁੱਟੀ ਦੇ ਦਿੱਤੀ ਗਈ ਸੀ। ਇਸ ਹਸਪਤਾਲ ਵਿੱਚ ਉਹ ਨਮੂਨੀਆ ਦਾ ਇਲਾਜ ਕਰਵਾ ਰਹੇ ਸੀ। ਉਨ੍ਹਾਂ ਨੇ ਲੰਡਨ (1948), ਹੇਲਸਿੰਕੀ (1952) ਅਤੇ ਮੈਲਬਰਨ (1956) ਓਲੰਪਿਕ ਵਿੱਚ ਭਾਰਤ ਦੇ ਸੋਨ ਤਗਮੇ ਜਿੱਤਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਉਨ੍ਹਾਂ ਨੇ ਹੇਲਸਿੰਕੀ ਓਲੰਪਿਕ ਵਿੱਚ ਨੀਦਰਲੈਂਡ ਦੇ ਖਿਲਾਫ 6-1 ਦੀ ਜਿੱਤ ਵਿੱਚ ਪੰਜ ਗੋਲ ਕੀਤੇ ਸਨ ਅਤੇ ਉਹ ਰਿਕਾਰਡ ਅਜੇ ਵੀ ਬਰਕਰਾਰ ਹੈ। ਉਹ 1975 ਦੀ ਵਿਸ਼ਵ ਕੱਪ ਜੇਤੂ ਭਾਰਤੀ ਹਾਕੀ ਟੀਮ ਦੇ ਮੈਨੇਜਰ ਵੀ ਸੀ।