Hola Mohalla to start : ਗੁਰੁ ਕੀ ਨਗਰੀ ਅਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਵਿੱਚ ਪ੍ਰਸਿੱਧ ਹੋਲਾ ਮਹੱਲਾ 24 ਮਾਰਚ ਤੋਂ ਸ਼ੁਰੂ ਹੋ ਰਿਹਾ ਹੈ। ਇਹ ਮੇਲਾ ਲਗਾਤਾਰ 6 ਦਿਨ ਚੱਲੇਗਾ। ਕੋਰੋਨਾ ਦੇ ਮਾਮਲਿਆਂ ਵਿੱਚ ਹੋਏ ਵਾਧੇ ਨੂੰ ਦੇਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਤਿਉਹਾਰ ਵਿੱਚ ਸ਼ਾਮਲ ਹੋਣ ਵਾਲਿਆਂ ਲਈ ਸਖਤ ਦਿਸ਼ਾ-ਨਿਰਦੇਸ਼ ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨ ਸ਼ਰਧਾਲੂਆਂ ਨੂੰ ਸਥਾਨਕ ਪੱਧਰ ‘ਤੇ ਹੀ ਤਿਉਹਾਰ ਮਨਾਉਣ ਦੀ ਅਪੀਲ ਕਰੇਗਾ।
ਰੋਪੜ ਦੀ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਕਿਹਾ ਕਿ ਐਂਟਰੀ ਪੁਆਇੰਟਾਂ ‘ਤੇ ਸਾਰੇ ਸ਼ਰਧਾਲੂਆਂ ਦੀ ਸਕ੍ਰੀਨਿੰਗ ਕੀਤੀ ਜਾਏਗੀ। ਸਭ ਦੇ ਚਿਹਰੇ ’ਤੇ ਮਾਸਕ ਪਹਿਨਣ ਨੂੰ ਯਕੀਨੀ ਬਣਾਇਆ ਜਾਏਗਾ। ਤਿਉਹਾਰ ਦੌਰਾਨ ਜਿਹੜੇ ਲੋਕ ਹੋਟਲ, ਸਰਾਂ ਅਤੇ ਟੈਂਟ ਵਿੱਚ ਰਹਿਣ ਆਉਣਗੇ ਉਨ੍ਹਾਂ ਲਈ ਆਰਟੀ-ਪੀਸੀਆਰ ਟੈਸਟ ਲਾਜ਼ਮੀ ਹੋਵੇਗਾ। ਇਸ ਖੇਤਰ ਨੂੰ 11 ਸੈਕਟਰਾਂ ਵਿੱਚ ਵੰਡਿਆ ਜਾਵੇਗਾ, ਜਿਥੇ ਮੋਬਾਈਲ ਟੈਸਟਿੰਗ ਟੀਮਾਂ ਤਾਇਨਾਤ ਕੀਤੀਆਂ ਜਾਣਗੀਆਂ।
ਦੱਸ ਦੇਈਏ ਕਿ ਹੋਲਾ ਮਹੱਲਾ ਪੰਜਾਬ ਦਾ ਪ੍ਰਸਿਧ ਜੋੜ ਮੇਲਾ ਹੈ, ਜਿਥੇ 20 ਲੱਖ ਤੋਂ ਵੱਧ ਲੋਕ ਕੀਰਤਪੁਰ ਸਾਹਿਬ ਅਤੇ ਅਨੰਦਪੁਰ ਸਾਹਿਬ ਪਹੁੰਚਦੇ ਹਨ। ਪਿਛਲੇ ਸਾਲ ਇਸ ਖੇਤਰ ਵਿਚ ਦਹਿਸ਼ਤ ਫੈਲ ਗਈ ਸੀ ਜਦੋਂ ਨਵਾਂਸ਼ਹਿਰ ਦੇ ਇਕ ਕੀਰਤਨੀ ਤੇ ਪ੍ਰਚਾਰਕ ਬਲਦੇਵ ਸਿੰਘ ਦੀ ਹੋਲਾ ਮੁਹੱਲਾ ਸਮਾਗਮ ਵਿਚ ਹਿੱਸਾ ਲੈਣ ਤੋਂ ਬਾਅਦ ਕੋਵਿਡ ਕਾਰਨ ਮੌਤ ਹੋ ਗਈ ਸੀ। ਦੱਸ ਦੇਈਏ ਕਿ ਇਸ ਵਾਰ ਵੀ ਕੋਰੋਨਾ ਦੇ ਮਾਮਲੇ ਮੁੜ ਵਧਣੇ ਸ਼ੁਰੂ ਹੋ ਚੁੱਕੇ ਹਨ, ਜਿਸ ਕਾਰਨ ਪੰਜਾਬ ਦੇ ਦੋਆਬੇ ਦੇ ਚਾਰ ਜ਼ਿਲ੍ਹਿਆਂ ਵਿੱਚ ਨਾਈਟ ਕਰਫਿਊ ਵੀ ਐਲਾਨ ਦਿੱਤਾ ਗਿਆ ਹੈ ਅਤੇ ਪੰਜਾਬ ਸਰਕਾਰ ਇਸ ਮਹਾਮਾਰੀ ਨੂੰ ਠੱਲ੍ਹ ਪਾਉਣ ਲਈ ਜ਼ਰੂਰੀ ਕਦਮ ਚੁੱਕ ਰਹੀ ਹੈ।