Hoshiarpur lawyer and junior murder case : ਪਿਛਲੇ ਸਾਲ ਦੀਵਾਲੀ ਦੀ ਰਾਤ ਮਸ਼ਹੂਰ ਵਕੀਲ ਭਗਵੰਤ ਕਿਸ਼ੋਰ ਗੁਪਤਾ ਅਤੇ ਉਸ ਦੀ ਜੂਨੀਅਰ ਸੀਆ ਖੁੱਲਰ ਦੀ ਹੋਈ ਹੱਤਿਆ ਦੇ ਮਾਮਲੇ ਵਿੱਚ ਹਾਈ ਕੋਰਟ ਨੇ ਪੰਜਾਬ ਸਰਕਾਰ, ਡੀਜੀਪੀ ਅਤੇ ਹੁਸ਼ਿਆਰਪੁਰ ਦੇ ਐਸਐਸਪੀ ਨੂੰ ਨੋਟਿਸ ਜਾਰੀ ਕਰਕੇ ਜਵਬ ਮੰਗਿਆ ਹੈ। ਨਾਲ ਹੀ 8 ਮਾਰਚ ਤੱਕ ਪੁਲਿਸ ਨੂੰ ਵੀ ਜਾਂਚ ਦੀ ਸਥਿਤੀ ਰਿਪੋਰਟ ਪੇਸ਼ ਕਰਨ ਦੇ ਆਦੇਸ਼ ਦਿੱਤੇ ਗਏ ਹਨ।
ਭਗਵੰਤ ਕਿਸ਼ੋਰ ਗੁਪਤਾ ਦੇ ਪੁੱਤਰ ਸੁਮਨੇਂਦਰ ਗੁਪਤਾ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਦਿਆਂ ਪੁਲਿਸ ਜਾਂਚ ਵਿੱਚ ਬੇਭਰੋਸਗੀ ਜ਼ਾਹਿਰ ਕਰਦਿਆਂ ਮੰਗ ਕੀਤੀ ਕਿ ਕੇਸ ਸੀਬੀਆਈ ਜਾਂ ਕਿਸੇ ਹੋਰ ਸੁਤੰਤਰ ਏਜੰਸੀ ਨੂੰ ਸੌਂਪਿਆ ਜਾਵੇ। ਇਸਦੇ ਨਾਲ ਹੀ ਪਟੀਸ਼ਨ ਵਿੱਚ ਆਪਣੀ ਅਤੇ ਉਸਦੇ ਪਰਿਵਾਰ ਦੀ ਸੁਰੱਖਿਆ ਦੀ ਮੰਗ ਵੀ ਕੀਤੀ ਗਈ ਹੈ। ਪਟੀਸ਼ਨਕਰਤ ਨੇ ਹਾਈ ਕੋਰਟ ਨੂੰ ਦੱਸਿਆ ਕਿ ਇਸ ਕੇਸ ਦਾ ਮੁੱਖ ਸਾਜ਼ਿਸ਼ਕਰਤਾ ਅਸ਼ੀਸ਼ ਸਿੰਘ ਹੈ, ਜੋ ਉਸਦੇ ਪਿਤਾ ਦੇ ਜੂਨੀਅਰ ਸੀਆ ਦਾ ਪਤੀ ਹੈ। ਉਸਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਪਟੀਸ਼ਨਕਰਤਾ ਦੇ ਪਿਤਾ ਅਤੇ ਉਸਦੇ ਜੂਨੀਅਰ ਦੀ ਹੱਤਿਆ ਕੀਤੀ ਹੈ। ਬਾਅਦ ਵਿੱਚ, ਇਸ ਨੂੰ ਇੱਕ ਹਾਦਸੇ ਵਜੋਂ ਦਿਖਾਉਣ ਲਈ ਦੋਵੇਂ ਲਾਸ਼ਾਂ ਨੂੰ ਕਾਰ ਵਿੱਚ ਅੱਗ ਲਗਾ ਦਿੱਤੀ ਗਈ। ਪਟੀਸ਼ਨਕਰਤਾ ਨੇ ਕਿਹਾ ਕਿ ਪੁਲਿਸ ਇਸ ਕੇਸ ਨੂੰ ਰਫਾ-ਦਫਾ ਕਰਨ ਦੀ ਕੋਸ਼ਿਸ਼ ਕਰਦੀ ਰਹੀ ਪਰ ਅਖੀਰ ਉਨ੍ਹਾਂ ਨੂੰ ਸੀਆ ਦੇ ਪਤੀ ਅਸ਼ੀਸ਼ ਤੇ ਬੁਲੰਦਸ਼ਹਿਰ ਨਿਵਾਸੀ ਦੋ ਹੋਰ ਦੋਸਤਾਂ ਸੁਨੀਲ ਤੇ ਰਾਹੁਲ ਖਿਲਾਫ ਕਤਲ ਕੇਸ ਵਿੱਚ ਐਫਆਈਆਰ ਦਰਜ ਕਰਨੀ ਪਈ।
ਹੁਣ ਤੱਕ ਪੁਲਿਸ ਨੇ ਨਾ ਤਾਂ ਮੁੱਖ ਦੋਸ਼ੀ ਆਸ਼ੀਸ਼ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਨਾ ਹੀ ਜੁਰਮ ਵਿੱਚ ਵਰਤੇ ਵਾਹਨਾਂ ਨੂੰ ਕਾਬੂ ਕੀਤਾ ਹੈ। ਪਟੀਸ਼ਨਕਰਤਾ ਨੇ ਪੁਲਿਸ ‘ਤੇ ਦੋਸ਼ ਲਾਇਆ ਹੈ ਕਿ ਦੋਸ਼ੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਵੀ ਦੱਸਿਆ ਗਿਆ ਕਿ ਦੋਵਾਂ ਲਾਸ਼ਾਂ ਦੀ ਪੋਸਟ ਮਾਰਟਮ ਦੀ ਰਿਪੋਰਟ ਅਜੇ ਤੱਕ ਪੇਸ਼ ਨਹੀਂ ਕੀਤੀ ਗਈ ਹੈ। ਪੁਲਿਸ ਜਾਂਚ ‘ਤੇ ਸਵਾਲ ਉਠਾਉਂਦਿਆਂ ਸੀਬੀਆਈ ਜਾਂ ਇਸ ਮਾਮਲੇ ਵਿਚ ਕਿਸੇ ਹੋਰ ਨਿਰਪੱਖ ਏਜੰਸੀ ਤੋਂ ਮੰਗ ਕੀਤੀ ਗਈ ਹੈ।