Hoshiarpur police seized 8 kg : ਨਸ਼ਿਆਂ ਖ਼ਿਲਾਫ਼ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਹੁਸ਼ਿਆਰਪੁਰ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ ਜਦੋਂ ਪੁਲਿਸ ਨੇ ਤਿੰਨ ਨੌਜਵਾਨਾਂ ਨੂੰ ਕਾਬੂ ਕਰਕੇ ਉਨ੍ਹਾਂ ਤੋਂ ਅੱਠ ਕਿਲੋਗ੍ਰਾਮ ਹੈਰੋਇਨ ਅਤੇ ਇਕ ਫਾਰਚੂਨਰ ਗੱਡੀ ਬਰਾਮਦ ਕੀਤੀ ਸਥਾਨਕ ਪੁਲਿਸ ਲਾਈਨ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐੱਸਐੱਸਪੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਉਨ੍ਹਾਂ ਕਿਹਾ ਕਿ ਬੀਤੇ ਦਿਨ ਸੀਆਈਏ ਸਟਾਫ ਦੇ ਇੰਚਾਰਜ ਇੰਸਪੈਕਟਰ ਸ਼ਿਵ ਕੁਮਾਰ ਨੇ ਏਸੀਪੀ ਤੁਸ਼ਾਰ ਗੁਪਤਾ ਅਤੇ ਡੀਐੱਸਪੀ ਪ੍ਰੇਮ ਸਿੰਘ ਦੀ ਅਗਵਾਈ ‘ਚ ਮਾਹਿਲਪੁਰ ਫਗਵਾੜਾ ਰੋਡ ‘ਤੇ ਪੈਂਦੇ ਪਿੰਡ ਠੁਆਣਾ ਵਿਖੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਜਦੋਂ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਇਕ ਫਾਰਚੂਨਰ ਗੱਡੀ ਨੂੰ ਚੈਕਿੰਗ ਲਈ ਰੋਕ ਕੇ ਉਸ ਦੀ ਬਾਰੀਕੀ ਨਾਲ ਜਾਂਚ ਕੀਤੀ, ਜਿਸ ਦੌਰਾਨ ਪੁਲਿਸ ਨੇ ਫਾਰਚੂਨਰ ਗੱਡੀ ਦੇ ਬੰਪਰ ‘ਚ ਰੇਡੀਏਟਰ ਦੇ ਅੱਗੇ ਇਕ ਗੁਪਤ ਖਾਨਾ ਬਣਿਆ ਹੋਇਆ ਵੇਖਿਆ ਤੇ ਜਦੋਂ ਪੁਲਿਸ ਵੱਲੋਂ ਉਸ ਨੂੰ ਖੋਲ੍ਹਿਆ ਗਿਆ ਤਾਂ ਉਸ ਵਿਚੋਂ ਅੱਠ ਕਿਲੋ ਹੈਰੋਇਨ ਬਰਾਮਦ ਹੋਈ।
ਪੁਲੀਸ ਵੱਲੋਂ ਕਾਬੂ ਕੀਤੇ ਗਏ ਕਥਿਤ ਦੋਸ਼ੀਆਂ ਦੀ ਪਹਿਚਾਣ ਸੁਖਵਿੰਦਰ ਸਿੰਘ ਉਰਫ ਸੁੱਖੀ ਵਾਸੀ ਚੰਨਣਵਾਲ ਜ਼ਿਲ੍ਹਾ ਬਰਨਾਲਾ ਮਨਪ੍ਰੀਤ ਸਿੰਘ ਉਰਫ ਕਾਲਾ ਵਾਸੀ ਪਿੰਡ ਬਲਬੇੜਾ ਜ਼ਿਲਾ ਪਟਿਆਲਾ ਅਤੇ ਜਗਦੀਪ ਸਿੰਘ ਵਾਸੀ ਪਿੰਡ ਬਲਬੇੜਾ ਜ਼ਿਲਾ ਪਟਿਆਲਾ ਵਜੋਂ ਹੋਈ ਹੈ। ਐੱਸਐੱਸਪੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਉਰਫ਼ ਸੁੱਖੀ ‘ਤੇ ਪਹਿਲਾਂ ਵੀ ਕਈ ਮੁਕੱਦਮੇ ਦਰਜ ਹਨ। ਇਹ ਅੱਤਵਾਦੀ ਦਇਆ ਸਿੰਘ ਲਾਹੌਰੀਆ ਦਾ ਸਾਥੀ ਹੈ ਤੇ ਸੁਖਵਿੰਦਰ ਸਿੰਘ ਪਾਕਿਸਤਾਨ ‘ਚ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਨ ਲਈ ਜਾਂਦਾ ਸੀ ਜਿਸ ਕਾਰਨ ਉਸਦੇ ਉਥੇ ਨਸ਼ਾ ਸਮੱਗਲਰਾਂ ਨਾਲ ਸਬੰਧ ਸਨ।
ਇਸੇ ਤਰ੍ਹਾਂ ਐੱਸਐੱਸਪੀ ਨਵਜੋਤ ਸਿੰਘ ਮਾਹਲ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਸ਼ਿਆਰਪੁਰ ਪੁਲਿਸ ਨੇ ਇੱਕ ਅਪ੍ਰੈਲ ਨੂੰ ਦਸੂਹਾ ਨਜ਼ਦੀਕ ਨਾਕਾਬੰਦੀ ਦੌਰਾਨ ਇਕ ਸਕਾਰਪੀਓ ਗੱਡੀ ਨੂੰ ਚੈਕਿੰਗ ਲਈ ਰੋਕਿਆ ਤਾਂ ਗੱਡੀ ਦੀ ਸਟਿੱਪਣੀ ‘ਚੋਂ ਵੀਹ ਲੱਖ ਰੁਪਏ ਦੀ ਨਕਦੀ ਬਰਾਮਦ ਹੋਈ ਤੇ ਗੱਡੀ ਦੇ ਮੈਟ ਹੇਠੋਂ ਪੰਜ ਕਿਲੋਗ੍ਰਾਮ ਡੋਡੇ ਚੂਰਾ-ਪੋਸਤ ਬਰਾਮਦ ਹੋਏ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ‘ਚ ਵੀ ਪੁਲਿਸ ਵੱਲੋਂ ਤਿੰਨ ਕਥਿਤ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ, ਜਿਨ੍ਹਾਂ ਦੀ ਪਛਾਣ ਸੁਰਿੰਦਰ ਸਿੰਘ ਉਰਫ਼ ਸ਼ਿੰਦਾ ਵਾਸੀ ਜਲੰਧਰ ਫੁੰਮਣ ਸਿੰਘ ਉਰਫ਼ ਕਾਲੀ ਵਾਸੀ ਜਲੰਧਰ ਅਤੇ ਛਿੰਦਰਪਾਲ ਸਿੰਘ ਉਰਫ ਸ਼ਿੰਦਾ ਵਾਸੀ ਜਲੰਧਰ ਵਜੋਂ ਹੋਈ ਹੈ।