Husband and Brother in law : ਬਠਿੰਡਾ ਸ਼ਹਿਰ ਵਿੱਚ ਦੇਰ ਰਾਤ ਬਲਰਾਜ ਨਗਰ ਵਿਚ ਇਕ ਵਿਅਕਤੀ ਨੇ ਆਪਣੇ ਭਰਾ ਨਾਲ ਮਿਲ ਕੇ ਆਪਣੀ ਪਤਨੀ ਦਾ ਗਲਾ ਰੇਤ ਦਿੱਤਾ ਅਤੇ ਉਸ ਨੂੰ ਮਰਿਆ ਹੋਇਆ ਸਮਝ ਕੇ ਸੜਕ ’ਤੇ ਸੁੱਟ ਦਿੱਤਾ। ਪੀੜਤਾ ਦੀ ਪਛਾਣ ਸੁਨੀਤਾ ਵਜੋਂ ਹੋਈ ਹੈ। ਇਹ ਘਟਨਾ ਸ਼ਨੀਵਾਰ ਦੇਰ ਰਾਤ ਵਾਪਰੀ। ਘਟਨਾ ਦੀ ਜਾਣਕਾਰੀ ਮਿਲਣ ‘ਤੇ ਯੂਥ ਵੈਲਫੇਅਰ ਸੁਸਾਇਟੀ ਦੇ ਮੈਂਬਰਾਂ ਨੇ ਖੂਨ ਨਾਲ ਲਥਪਥ ਔਰਤ ਨੂੰ ਸਿਵਲ ਹਸਪਤਾਲ ਪਹੁੰਚਾਇਆ। ਥਾਣਾ ਕੇਨਾਲ ਦੀ ਪੁਲਿਸ ਨੇ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਘਟਨਾ ਨਾਲ ਸ਼ਹਿਰ ਵਿਚ ਸਨਸਨੀ ਫੈਲ ਗਈ।
ਯੂਥ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਨੇ ਦੱਸਿਆ ਕਿ ਲਾਲ ਸਿੰਘ ਬਸਤੀ ਖੇਤਰ ਵਿੱਚ ਸਥਿਤ ਇੱਕ ਪੈਟਰੋਲ ਪੰਪ ਨੇੜੇ ਇੱਕ ਔਰਤ ਖੂਨ ਨਾਲ ਲਥਪਥ ਮਿਲੀ ਸੀ। ਬੁਰੀ ਤਰ੍ਹਾਂ ਜ਼ਖਮੀ ਔਰਤ ਨੇ ਦੱਸਿਆ ਕਿ ਉਸ ਦਾ ਪਤੀ ਗੁਰਜੰਟ ਸਿੰਘ ਉਸ ਨੂੰ ਦਵਾਈ ਲੈਣ ਲਈ ਕਹਿ ਕੇ ਘਰੋਂ ਲਿਆਇਆ ਸੀ। ਜਿਵੇਂ ਹੀ ਉਹ ਪੈਟਰੋਲ ਪੰਪ ਦੇ ਨੇੜੇ ਪਹੁੰਚੇ, ਉਥੇ ਪਹਿਲਾਂ ਤੋਂ ਹੀ ਉਸ ਦਾ ਜੇਠ ਮੌਜੂਦ ਸੀ। ਪੀੜਤਾ ਨੇ ਦੱਸਿਆ ਕਿ ਉਸ ਦੇ ਪਤੀ ਅਤੇ ਜੇਠ ਨੇ ਪਹਿਲਾਂ ਉਸ ‘ਤੇ ਹਮਲਾ ਕੀਤਾ ਅਤੇ ਇਸ ਦੌਰਾਨ ਉਸਦੇ ਪਤੀ ਨੇ ਉਸ ਦੀ ਗਰਦਨ ‘ਤੇ ਚਾਕੂ ਨਾਲ ਵਾਰ ਕਰ ਦਿੱਤਾ ਅਤੇ ਉਸ ਨੂੰ ਮਰਿਆ ਹੋਇਆ ਸਮਝ ਕੇ ਉਥੋਂ ਫਰਾਰ ਹੋ ਗਏ। ਔਰਤ ਨੇ ਦੱਸਿਆ ਕਿ ਉਸ ਦੇ ਪਤੀ ਦੇ ਬਾਬਾ ਦੀਪ ਸਿੰਘ ਨਗਰ ਦੀ ਇੱਕ ਔਰਤ ਨਾਲ ਨਾਜਾਇਜ਼ ਸੰਬੰਧ ਹਨ ਇਸ ਲਈ ਉਹ ਉਸ ਦੇ ਕੋਲ ਜਾਣ ਤੋਂ ਪਤੀ ਨੂੰ ਰੋਕਦੀ ਸੀ। ਇਸੇ ਨੂੰ ਲੈ ਕੇ ਕੀ ਦਿਨਾਂ ਤੋਂ ਝਗੜਾ ਵੀ ਚੱਲ ਰਿਹਾ ਸੀ।
ਸਿਵਲ ਹਸਪਤਾਲ ਦੇ ਡਾਕਟਰ ਖੁਸ਼ਦੀਪ ਨੇ ਦੱਸਿਆ ਕਿ ਔਰਤ ਦੇ ਸਿਰ ‘ਤੇ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਉਸਦੇ ਗਲੇ ਤੇ ਚਾਕੂ ਦੇ ਡੂੰਘੇ ਜ਼ਖਮ ਹਨ। ਇਸ ਕਾਰਨ ਔਰਤ ਦੇ ਸਰੀਰ ਵਿਚੋਂ ਬਹੁਤ ਸਾਰਾ ਖੂਨ ਵਹਿ ਗਿਆ ਹੈ ਅਤੇ ਇਸ ਕਾਰਨ ਉਸਦੀ ਸਥਿਤੀ ਨਾਜ਼ੁਕ ਬਣੀ ਹੋਈ ਹੈ। ਉਨ੍ਹਾਂ ਦੱਸਿਆ ਕਿ ਔਰਤ ਨੂੰ ਦੂਸਰੇ ਹਸਪਤਾਲ ਵਿੱਚ ਰੈਫਰ ਕੀਤਾ ਜਾ ਰਿਹਾ ਹੈ। ਇਸ ਸਬੰਧ ਵਿੱਚ ਥਾਣਾ ਕੇਨਾਲ ਦੇ ਐਸਐਚਓ ਇੰਸਪੈਕਟਰ ਗਣੇਸ਼ਵਰ ਕੁਮਾਰ ਨੇ ਦੱਸਿਆ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਔਰਤ ਦੇ ਬਿਆਨ ਦੇ ਅਧਾਰ ‘ਤੇ ਕਾਰਵਾਈ ਕੀਤੀ ਜਾਵੇਗੀ। ਪਤਾ ਲੱਗਾ ਹੈ ਕਿ ਔਰਤ ਦਾ ਇਕ ਤਿੰਨ ਸਾਲ ਦਾ ਬੱਚਾ ਵੀ ਹੈ।