ਪੰਜਾਬ ਵਿਚ ਪੈ ਰਹੀ ਸੰਘਣੀ ਧੁੰਦ ਕਾਰਨ ਸੜਕੀ ਹਾਦਸੇ ਦਿਨੋ-ਦਿਨ ਵਧਦੇ ਜਾ ਰਹੇ ਹਨ। ਰੋਜ਼ਾਨਾ ਕਈ ਕੀਮਤੀ ਜਾਨਾਂ ਇਨ੍ਹਾਂ ਸੜਕੀ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ। ਇਕੋ ਹੀ ਸਮੇਂ ਪਤੀ-ਪਤਨੀ ਦੇ ਸਾਹ ਮੁੱਕ ਗਏ। ਅਜਿਹਾ ਹੀ ਇਕ ਹਾਦਸਾ ਰੋਪੜ ਵਿਖੇ ਵਾਪਰਿਆ ਹੈ ਜਿਥੇ ਨੈਸ਼ਨਲ ਹਾਈਵੇ ਦਾਣਾ ਮੰਡੀ ਪਿੰਡ ਟੋਸਾ ਵਿਖੇ ਖੜ੍ਹੇ ਟਰੱਕ ਵਿਚ ਮੋਟਰਸਾਈਕਲ ਦੀ ਟੱਕਰ ਹੋ ਗਈ ਜਿਸ ਦੀ ਵਜ੍ਹਾ ਨਾਲ ਬਾਈਕ ‘ਤੇ ਜਾ ਰਹੇ ਪਤੀ-ਪਤਨੀ ਦੀ ਸੜਕੀ ਹਾਦਸੇ ਵਿਚ ਮੌਤ ਹੋ ਗਈ।
ਮ੍ਰਿਤਕਾਂ ਦੀ ਪਛਾਣ ਜੈਮਲ ਪੁੱਤਰ ਧਰਮਪਾਲ ਤੇ ਪ੍ਰੀਤੂ ਦੇਵੀ ਵਜੋਂ ਹੋਈ ਹੈ। ਜੈਮਲ ਦੀ ਉਮਰ ਲਗਭਗ 35 ਸਾਲ ਤੇ ਪ੍ਰੀਤੂ ਦੇਵੀ ਦੀ ਉਮਰ 32 ਸਾਲ ਦੱਸੀ ਜਾ ਰਹੀ ਹੈ। ਦੋਵਾਂ ਦੇ ਤਿੰਨ ਬੱਚੇ ਹਨ। ਜਾਣਕਾਰੀ ਮੁਤਾਬਕ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਤੇ ਸਮਾਜ ਸੇਵੀ ਸੁਰਿੰਦਰ ਛਿੰਦਾ ਨੇ ਦੱਸਿਆ ਕਿ ਦੋਵੇਂ ਬਾਈਕ ਉਤੇ ਸਵਾਰ ਹੋ ਕੇ ਜਾ ਰਹੇ ਸੀ ਤੇ ਦੋਵੇਂ ਕਿਸੇ ਦੇ ਭੋਗ ਸਮਾਗਮ ਤੋਂ ਵਾਪਸ ਘਰ ਨੂੰ ਪਰਤ ਰਹੇ ਸਨ ਤੇ ਰਸਤੇ ਵਿਚ ਜਦੋਂ ਉਨ੍ਹਾਂ ਦਾ ਮੋਟਰਸਾਈਕਲ ਦਾਣਾ ਮੰਡੀ ਟੋਸਾ ਕੋਲ ਪਹੁੰਚਿਆ ਤਾਂ ਇਨ੍ਹਾਂ ਦਾ ਬਾਈਕ ਨੈਸ਼ਨਲ ਹਾਈਵੇ ‘ਤੇ ਖੜ੍ਹੇ ਟਰੱਕ ਵਿਚ ਜਾ ਵੜਦਾ ਹੈ ਜਿਸ ਕਰਕੇ ਦੋਵੇਂ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ।
ਇਹ ਵੀ ਪੜ੍ਹੋ : PM ਮੋਦੀ ਦੀ ਸੁਰੱਖਿਆ ‘ਚ ਕੁਤਾਹੀ ਮਾਮਲੇ ‘ਚ ਨਵਾਂ ਮੋੜ, FIR ‘ਚ ਜੋੜੀ ਗਈ ਇਰਾਦਾ-ਏ-ਕ.ਤ/ਲ ਦੀ ਧਾਰਾ
ਪਤੀ-ਪਤਨੀ ਦੋਵਾਂ ਨੂੰ ਹਸਪਤਾਲ ਪਹੁੰਚਾਇਆ ਜਾਂਦਾ ਹੈ ਜਿਥੇ ਇਲਾਜ ਅਧੀਨ ਦੋਵਾਂ ਦੀ ਮੌਤ ਹੋ ਜਾਂਦੀ ਹੈ। ਪਰਿਵਾਰ ਵਿਚ ਗਮ ਦਾ ਮਾਹੌਲ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਹਾਦਸਾ ਟਰੱਕ ਵੱਲੋਂ ਕੀਤੀ ਗਈ ਗਲਤ ਪਾਰਕਿੰਗ ਕਰਕੇ ਵਾਪਰਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਪਹਿਲਾਂ ਵੀ ਪ੍ਰਸ਼ਾਸਨ ਨੂੰ ਕਈ ਵਾਰ ਇਸ ਸਬੰਧੀ ਸ਼ਿਕਾਇਤ ਕਰ ਚੁੱਕੇ ਹਾਂ ਪਰ ਉਨ੍ਹਾਂ ਵੱਲੋਂ ਇਸ ਮਾਮਲੇ ਵਿਚ ਕੋਈ ਕਦਮ ਨਹੀਂ ਚੁੱਕਿਆ ਗਿਆ। ਉਨ੍ਹਾਂ ਦੱਸਿਆ ਕਿ ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਮੌਕੇ ਤੋਂ ਭੱਜ ਗਿਆ ਤੇ ਜੇਕਰ ਟਰੱਕ ਡਰਾਈਵਰ ਮ੍ਰਿਤਕ ਪਤੀ-ਪਤਨੀ ਨੂੰ ਸਮੇਂ ਸਿਰ ਹਸਪਤਾਲ ਪਹੁੰਚਾ ਦਿੰਦਾ ਤਾਂ ਸ਼ਾਇਦ ਉਨ੍ਹਾਂ ਦੀ ਜ਼ਿੰਦਗੀ ਬਚ ਜਾਂਦੀ। ਇਸ ਲਈ ਸਾਡੀ ਮੰਗ ਹੈ ਕਿ ਟਰੱਕ ਡਰਾਈਵਰ ‘ਤੇ ਪਰਚਾ ਦਰਜ ਕੀਤਾ ਜਾਵੇ ਤੇ ਉਸ ‘ਤੇ ਬਣਦੀ ਕਾਰਵਾਈ ਕੀਤੀ ਜਾਵੇ।
ਵੀਡੀਓ ਲਈ ਕਲਿੱਕ ਕਰੋ -:
