ICC Board Meeting: ਆਸਟ੍ਰੇਲੀਆ ਵਿੱਚ ਇਸ ਸਾਲ ਅਕਤੂਬਰ-ਨਵੰਬਰ ਵਿੱਚ ਹੋਣ ਵਾਲੇ ਟੀ-20 ਵਿਸ਼ਵ ਕੱਪ ਦਾ ਭਵਿੱਖ ਲਗਭਗ ਨਿਸ਼ਚਤ ਹੈ । ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ICC) ਨੇ ਕੋਵਿਡ-19 ਮਹਾਂਮਾਰੀ ਦੇ ਕਾਰਨ ਟੂਰਨਾਮੈਂਟ 2022 ਤੱਕ ਮੁਲਤਵੀ ਕਰਨ ਦਾ ਫੈਸਲਾ ਲਗਪਗ ਲੈ ਹੀ ਲਿਆ ਹੈ । ਇਹ ਮੰਨਿਆ ਜਾ ਰਿਹਾ ਹੈ ਕਿ ਮੌਜੂਦਾ ਸਥਿਤੀ ਵਿੱਚ ਸਾਰੇ ਹਿੱਸੇਦਾਰਾਂ ਦਾ ਖਿਆਲ ਕਰਦੇ ਹੋਏ 28 ਮਈ ਨੂੰ ਹੋਣ ਵਾਲੀ ਬੈਠਕ ਵਿੱਚ ਇੱਕ ਰਸਮੀ ਐਲਾਨ ਕੀਤਾ ਜਾਵੇਗਾ । ਅਜਿਹਾ ਇਸ ਲਈ ਹੈ ਕਿਉਂਕਿ ਭਾਰਤ ਵਿੱਚ ਪਹਿਲਾਂ ਹੀ ਅਕਤੂਬਰ 2021 ਵਿੱਚ ਟੀ -20 ਵਰਲਡ ਕੱਪ ਤਹਿ ਕੀਤਾ ਗਿਆ ਹੈ ਅਤੇ ਇੱਕ ਸਾਲ ਵਿੱਚ ਇੱਕੋ ਫਾਰਮੈਟ ਦੇ ਦੋ ਵਿਸ਼ਵ ਕੱਪ ਨਿਰਧਾਰਤ ਕਰਨਾ ਗਲਤ ਜਾਪਦਾ ਹੈ । ਮੌਜੂਦਾ ਮਾਰਕੀਟ ਦਾ ਦ੍ਰਿਸ਼ ਵੀ 6 ਮਹੀਨਿਆਂ ਦੇ ਅੰਦਰ-ਅੰਦਰ ਦੋ ਵਿਸ਼ਵ ਕੱਪਾਂ ਲਈ ਤਿਆਰ ਨਹੀਂ ਹੈ । ਇਹ ਮੇਜ਼ਬਾਨ ਪ੍ਰਸਾਰਕ ਸਟਾਰ ਸਪੋਰਟਸ ਲਈ ਚਿੰਤਾ ਦਾ ਵਿਸ਼ਾ ਹੈ ।
ਸੂਤਰਾਂ ਨੇ ਪੁਸ਼ਟੀ ਕੀਤੀ ਹੈ ਕਿ ਜੇ ਆਈਪੀਐਲ ਅਕਤੂਬਰ ਵਿੱਚ ਭਾਰਤ ਵਿੱਚ ਹੁੰਦਾ ਹੈ, ਤਾਂ 6 ਮਹੀਨਿਆਂ ਵਿੱਚ 2 ਆਈਪੀਐਲ ਅਤੇ 2021 ਵਿੱਚ 2 ਵਿਸ਼ਵ ਕੱਪ ਪ੍ਰਸਾਰਿਤ ਕਰਨਾ ਸੌਖਾ ਨਹੀਂ ਹੋਵੇਗਾ । ਮਾਰਕੀਟ ਇਸ ਸਮੇਂ ਆਪਣੇ ਸਭ ਤੋਂ ਹੇਠਲੇ ਪੱਧਰ ‘ਤੇ ਹੈ ਅਤੇ ਅਜਿਹੀ ਸਥਿਤੀ ਵਿੱਚ ਇਹ ਇਸਦਾ ਸਮਰਥਨ ਕਰਨ ਦੀ ਸਥਿਤੀ ਵਿੱਚ ਨਹੀਂ ਹੈ । ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਮੌਜੂਦਾ ਟੀ -20 ਵਰਲਡ ਕੱਪ 2022 ਵਿੱਚ ਆਯੋਜਿਤ ਕੀਤਾ ਜਾਵੇਗਾ, ਯਾਨੀ ਟੂਰਨਾਮੈਂਟ ਮੁਲਤਵੀ ਕਰ ਦਿੱਤਾ ਜਾਵੇਗਾ, ਰੱਦ ਨਹੀਂ ਕੀਤਾ ਜਾਵੇਗਾ । ਇਸਦਾ ਅਰਥ ਇਹ ਹੈ ਕਿ ਕ੍ਰਿਕਟ ਮਾਰਕੀਟ ਇਸ ਨਾਲ ਬੁਰੀ ਤਰ੍ਹਾਂ ਪ੍ਰਭਾਵਤ ਨਹੀਂ ਹੋਏਗਾ, ਨਾਲ ਹੀ 2022 ਵਿੱਚ ਵਿਸ਼ਵ ਦਾ ਕੋਈ ਹੋਰ ਸਮਾਗਮ ਵੀ ਨਹੀਂ ਹੈ ।
ਦਰਅਸਲ, ਭਾਰਤ 2021 ਵਿੱਚ ਟੀ-20 ਵਿਸ਼ਵ ਕੱਪ ਦੀ ਮੇਜ਼ਬਾਨੀ ਕਰੇਗਾ । ਇਸ ਤੋਂ ਬਾਅਦ ਆਸਟ੍ਰੇਲੀਆ 2022 ਵਿੱਚ ਟੀ-20 ਵਰਲਡ ਕੱਪ ਦਾ ਆਯੋਜਨ ਕਰੇਗਾ ਅਤੇ ਫਿਰ 2023 ਵਿੱਚ ਭਾਰਤ ਵਿੱਚ 50 ਓਵਰਾਂ ਦਾ ਵਿਸ਼ਵ ਕੱਪ ਖੇਡਿਆ ਜਾਵੇਗਾ । ਇਹ ਸੋਚ ਵੱਡੇ ਪੱਧਰ ‘ਤੇ ਮਾਰਕੀਟ ਦੀਆਂ ਚਿੰਤਾਵਾਂ ਨਾਲ ਸਬੰਧਤ ਹੈ ਅਤੇ ਉਮੀਦ ਕੀਤੀ ਜਾਂਦੀ ਹੈ ਕਿ ਬੀਸੀਸੀਆਈ ਦੇ ਪ੍ਰਧਾਨ ਸੌਰਵ ਗਾਂਗੁਲੀ 28 ਮਈ ਨੂੰ ਹੋਣ ਵਾਲੀ ਆਈਸੀਸੀ ਦੀ ਬੈਠਕ ਵਿੱਚ ਇਸ ਯੋਜਨਾ ਦਾ ਸਮਰਥਨ ਕਰਨਗੇ। ਅਜਿਹੀ ਸਥਿਤੀ ਵਿੱਚ ਹੁਣ ਇੰਡੀਅਨ ਪ੍ਰੀਮੀਅਰ ਲੀਗ (IPL) ਦੇ ਆਯੋਜਨ ਦੀਆਂ ਸੰਭਾਵਨਾਵਾਂ ਵੱਧ ਗਈਆਂ ਹਨ ।
ਬੀਸੀਸੀਆਈ ਜਾਂ ਪ੍ਰਸਾਰਕ ਇਸ ਸਮੇਂ ਕੁਝ ਨਹੀਂ ਕਹਿ ਰਹੇ ਹਨ ਅਤੇ ਸਥਿਤੀ ਦੀ ਨਿਗਰਾਨੀ ਕਰ ਰਹੇ ਹਨ । ਬੀਸੀਸੀਆਈ ਦੇ ਮੁੱਖ ਕਾਰਜਕਾਰੀ ਅਧਿਕਾਰੀ ਰਾਹੁਲ ਜੌਹਰੀ ਨੇ ਕਿਹਾ ਹੈ ਕਿ ਭਾਰਤ ਸਰਕਾਰ ਪੂਰੇ ਮਾਮਲੇ ਵਿੱਚ ਸਾਡੀ ਅਗਵਾਈ ਕਰੇਗੀ, ਅਸੀਂ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਾਂਗੇ । ਵਿਹਾਰਕ ਤੌਰ ‘ਤੇ ਕ੍ਰਿਕਟ ਦੀਆਂ ਗਤੀਵਿਧੀਆਂ ਮਾਨਸੂਨ ਤੋਂ ਬਾਅਦ ਹੀ ਸ਼ੁਰੂ ਹੋਣਗੀਆਂ । ਜੇ ਵਾਇਰਸ ਦੀ ਸਥਿਤੀ ਕਾਬੂ ਤੋਂ ਬਾਹਰ ਨਹੀਂ ਹੁੰਦੀ ਤਾਂ ਆਈਪੀਐਲ ਅਕਤੂਬਰ ਵਿੱਚ ਆਯੋਜਿਤ ਕੀਤਾ ਜਾ ਸਕਦਾ ਹੈ । ਇਸ ਨਾਲ ਸਬੰਧਿਤ ਰਸਮੀ ਐਲਾਨ ਜੁਲਾਈ ਵਿੱਚ ਕੀਤਾ ਜਾ ਸਕਦਾ ਹੈ । ਹਾਲਾਂਕਿ, ਇਹ ਪੂਰੀ ਤਰ੍ਹਾਂ ਨਾਲ ਭਾਰਤ ਵਿੱਚ ਵਾਇਰਸ ਦੀ ਸਥਿਤੀ ‘ਤੇ ਨਿਰਭਰ ਕਰਦਾ ਹੈ ।