ਕੋਰੋਨਾ ਦੇ ਕੇਸ ਘੱਟ ਹੋਣ ਕਾਰਨ ਪੰਜਾਬ ਸਰਕਾਰ ਵੱਲੋਂ ਕਾਫੀ ਰਿਆਇਤਾਂ ਦਿੱਤੀਆਂ ਗਈਆਂ ਹਨ। ਇਸੇ ਤਹਿਤ ਜਲੰਧਰ ਵਿਚ ਆਈਲੈਟਸ ਤੇ ਕੋਚਿੰਗ ਸੈਂਟਰ ਖੋਲ੍ਹਣ ਦੇ ਨਿਰਦੇਸ਼ ਦੇ ਦਿੱਤੇ ਗਏ ਹਨ ਅਤੇ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਡੀ. ਸੀ. ਘਣਸ਼ਿਆਮ ਥੋਰੀ ਨੇ ਦੱਸਿਆ ਕਿ ਵਿਦਿਆਰਥੀਆਂ ਦੇ ਭਵਿੱਖ ਨੂੰ ਧਿਆਨ ਵਿੱਚ ਰੱਖਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿੱਚ ਆਈਲੈਟਸ ਸੈਂਟਰ ਖੋਲ੍ਹਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹਾਲਾਂਕਿ ਅਧਿਆਪਕ, ਸਟਾਫ ਤੇ ਵਿਦਿਆਰਥੀਆਂ ਨੂੰ ਕੋਰੋਨਾ ਦੀ ਇੱਕ ਡੋਜ਼ ਲੈਣੀ ਲਾਜ਼ਮੀ ਹੋਵੇਗੀ। ਨਾਈਟ ਕਰਫਿਊ ਰਾਤ 8 ਵਜੇ ਤੋਂ ਸਵੇਰੇ 5 ਵਜੇ ਤੱਕ ਪਹਿਲਾਂ ਵਾਂਗ ਹੀ ਜਾਰੀ ਰਹੇਗਾ। ਉਥੇ ਹੀ ਰੈਸਟੋਰੈਂਟ, ਕੈਫ-ਕੌਫੀ ਸ਼ੌਪਸ, ਫਾਸਟ ਫੂਡਜ਼ 50 ਫੀਸਦੀ ਸਮਰੱਥਾ ਨਾਲ ਖੁੱਲਣਗੇ। ਬਾਰ, ਪੱਬ ਤੇ ਅਹਾਤੇ ਅਜੇ ਵੀ ਬੰਦ ਰਹਿਣਗੇ। ਸਕੂਲ, ਕਾਲਜ, ਅਤੇ ਹੋਰ ਵਿੱਦਿਅਕ ਸੰਸਥਾਵਾਂ ਵੀ ਬੰਦ ਹੀ ਰਹਿਣਗੀਆਂ। ਵਿਆਹ-ਸ਼ਾਦੀ, ਭੋਗ, ਸਸਕਾਰ ‘ਤੇ 50 ਲੋਕ ਸ਼ਾਮਲ ਹੋ ਸਕਣਗੇ।
ਇਹ ਵੀ ਪੜ੍ਹੋ : ਅੰਮ੍ਰਿਤਸਰ ਦੇ ਗਵਾਲਮੰਡੀ ਚੌਕ ‘ਚ ਸ਼ਰੇਆਮ ਚੱਲੀਆਂ ਗੋਲੀਆਂ
ਨਾਨ-ਏਸੀ ਬੱਸਾਂ ਵਿੱਚ ਸਮਰੱਥਾ ਮੁਤਾਬਕ ਸਵਾਰੀਆਂ ਬਿਠਾਈਆਂ ਜਾ ਸਕਣਗੀਆਂ, ਜਦਕਿ ਏਸੀ ਬੱਸਾਂ ਵੱਧ ਤੋਂ ਵੱਧ 50 ਫੀਸਦੀ ਸਵਾਰੀਆਂ ਨਾਲ ਚਲਾਈਆਂ ਜਾਣਗੀਆਂ। ਇਸ ਦੇ ਨਾਲ ਹੀ ਐਤਵਾਰ ਸਣੇ ਗੈਰ-ਜ਼ਰੂਰੀ ਦੁਕਾਨਾਂ ਖੋਲ੍ਹਣ ਦਾ ਫੈਸਲਾ ਜ਼ਿਲ੍ਹਾ ਅਧਿਕਾਰੀਆਂ ‘ਤੇ ਛੱਡਿਆ ਗਿਆ ਹੈ। ਦੱਸਣਯੋਗ ਹੈ ਕਿ ਸੂਬੇ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 341 ਮਾਮਲੇ ਦਰਜ ਕੀਤੇ ਗਏ, ਜਦਕਿ 12 ਮਰੀਜ਼ਾਂ ਨੇ ਦਮ ਤੋੜਿਆ।
ਪੰਜਾਬ ਤੋਂ ਕੋਰੋਨਾ ਦੇ 594279 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿੱਚੋਂ 573491 ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ, ਜਦਕਿ 4832 ਮਾਮਲੇ ਅਜੇ ਵੀ ਐਕਟਿਵ ਹਨ। ਹੁਣ ਤੱਕ ਸੂਬੇ ਵਿੱਚ ਕੋਰੋਨਾ ਨਾਲ 15956 ਲੋਕ ਮੌਤ ਦੇ ਮੂੰਹ ਵਿੱਚ ਜਾ ਚੁੱਕੇ ਹਨ, ਜਦਕਿ 1679 ਲੋਕ ਆਕਸੀਜਨ ਸੁਪੋਰਟ ‘ਤੇ ਹਨ। ਉਥੇ ਹੀ 373 ਮਰੀਜ਼ਾਂ ਦੀ ਹਾਲਤ ਗੰਭੀਰ ਹੈ ਅਤੇ 114 ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਹੈ।
ਇਹ ਵੀ ਪੜ੍ਹੋ : ‘ਆਪ’ ਨੇਤਾ ਰਾਜੀਵ ਭਗਤ ਦਾ ਨਾਂ ਨਸ਼ਾ ਤਸਕਰੀ ਦੇ ਮਾਮਲੇ ‘ਚ ਹੋਇਆ ਨਾਮਜ਼ਦ