If Pet is kept at home : ਚੰਡੀਗੜ੍ਹ : ਘਰ ਵਿਚ ਕੋਈ ਪੰਛੀ ਜਾਂ ਜੰਗਲੀ ਜਾਨਵਰ ਪਾਲਣ ਦੇ ਸ਼ੌਕੀਨ ਲੋਕਾਂ ਨੂੰ ਆਪਣੇ ਇਸ ਸ਼ੌਕ ਨੂੰ ਪੂਰਾ ਕਰਨ ਦਾ ਮੁੱਲ ਜੇਲ੍ਹ ਜਾ ਕੇ ਚੁਕਾਉਣਾ ਪੈ ਸਕਦਾ ਹੈ। ਜੀ ਹਾਂ, ਕਿਸੇ ਵੀ ਜੰਗਲੀ ਪੰਛੀ ਜਾਂ ਜਾਨਵਰ ਨੂੰ ਘਰ ਵਿਚ Pet ਵਜੋਂ ਰਖਣਾ ਇਕ ਗੰਭੀਰ ਅਪਰਾਧ ਦੀ ਸ਼੍ਰੇਣੀ ਵਿਚ ਆਉੰਦਾ ਹੈ। ਫਾਰੈਸਟ ਐੰਡ ਵਾਈਲਡ ਲਾਈਫ ਡਿਪਾਰਟਮੈਂਟ ਨੇ ਇਸ ਸਬੰਧੀ ਸਖਤ ਹਿਦਾਇਤਾਂ ਜਾਰੀ ਕਰ ਦਿੱਤੀਆਂ ਹਨ। ਇੰਨਾ ਹੀ ਨਹੀਂ ਸ਼ਿਕਾਇਤ ਲਈ ਇਕ ਨੰਬਰ ਵੀ ਜਾਰੀ ਕੀਤਾ ਗਿਆ ਹੈ। ਨਾਲ ਹੀ ਜਿਹੜਾ ਵਿਅਕਤੀ ਕਿਸੇ ਜੰਗਲੀ ਜਾਨਵਰ ਨੂੰ ਰੈਸਕਿਊ ਲਈ ਸ਼ਿਕਾਇਤ ਕਰੇਗਾ ਉਸ ਦੀ ਪਛਾਣ ਗੁਪਤ ਰਖੀ ਜਾਏਗੀ ਅਤੇ ਉਸ ਨੂੰ ਵਿਭਾਗ ਵੱਲੋਂ ਸਨਮਾਨਤ ਵੀ ਕੀਤਾ ਜਾਵੇਗਾ।
ਦੱਸਣਯੋਗ ਹੈ ਕਿ ਅਕਸਰ ਲੋਕ ਘਰਾਂ ਵਿਚ ਤੋਤਾ ਅਤੇ ਬਾਂਦਰ ਵਰਗੇ ਜਾਨਵਰ ਪਾਲਣ ਲੱਗੇ ਹਨ। ਇੰਨਾ ਹੀ ਨਹੀਂ ਤੋਤਾ ਤਾਂ ਦੁਕਾਨਾਂ ’ਤੇ ਵੀ ਖੁੱਲ੍ਹੇਆਮ ਵਿਕ ਰਿਹਾ ਹੈ। ਸ਼ਾਇਦ ਉਨ੍ਹਾਂ ਨੂੰ ਇਹ ਪਤਾ ਨਹੀਂ ਹੈ ਕਿ ਤੋਤਾ ਜੰਗਲੀ ਪੰਛੀਆਂ ਦੀ ਸ਼੍ਰੇਣੀ ਵਿਚ ਆਉਂਦਾ ਹੈ। ਇਸ ਨੂੰ ਘਰ ਵਿਚ ਪਾਲਤੂ ਵਜੋਂ ਨਹੀਂ ਰਖਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਨੇਵਲਾ, ਕਛੁਆ, ਮੋਰ, ਬੱਤਖ ਅਤੇ ਸੱਪ ਆਦਿ ਵੀ ਇਸੇ ਸ਼੍ਰੇਣੀ ਵਿਚ ਆਉਂਦੇ ਹਨ। ਇਨ੍ਹਾਂ ਨੂੰ ਕਿਸੇ ਤਰ੍ਹਾਂ ਬੰਦੀ ਬਣਾ ਕੇ ਰਖਣਾ ਗੰਭੀਰ ਅਪਰਾਧ ਹੈ। ਬਾਂਦਰ, ਸੱਪ ਦੇ ਸਹਾਰੇ ਕਈ ਮੰਗਣ ਵਾਲੇ ਗਲੀਆਂ ਵਿਚ ਘੁੰਮਦੇ ਮਿਲਦੇਹਨ। ਜੇਕਰ ਕੋਈ ਅਜਿਹਾ ਮਿਲਿਆ ਤਾਂ ਵਿਭਾਗ ਦੀ ਟੀਮ ਜਾਨਵਰ ਨੂੰ ਉਸ ਕੋਲੋਂ ਛੁਡਵਾ ਕੇ ਪੁਲਿਸ ਤੋਂ ਉਕਤ ਵਿਅਕਤੀ ਨੂੰ ਗ੍ਰਿਫਤਾਰ ਕਰਵਾਏਗੀ।
ਦੱਸਣਯੋਗ ਹੈ ਕਿ ਕਿਸੇ ਵੀ ਜੰਗਲੀ ਜਾਨਵਰ ਨੂੰ ਕੈਦ ਤੋਂ ਛੁਡਵਾਉਣ ਲਈ ਫਾਰੈਸਟ ਡਿਪਾਰਟਮੈਂਟ ਨੂੰ ਤੁਰੰਤ 0172-2700217 ’ਤੇ ਜਾਣਕਾਰੀ ਦਿੱਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਵਿਭਾਗ ਨੂੰ forestchandigarh@gmail.com ਈਮੇਲ ’ਤੇ ਵੀ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ। ਜਾਣਕਾਰੀ ਦੇਣ ਵਾਲੇ ਦੀ ਪਛਾਣ ਗੁਪਤ ਰਖੀ ਜਾਵੇਗੀ ਅਤੇ ਉਸ ਨੂੰ ਸਨਮਾਨਤ ਵੀ ਕੀਤਾ ਜਾਵੇਗਾ।
ਵਾਈਲਡਲਾਈਫ ਪ੍ਰੋਜੈਕਟਸ਼ਨ ਐਕਟ-1972 ਅਧੀਨ ਕਿਸੇ ਵੀ ਜੰਗਲੀ ਜਾਨਵਰ ਨੂੰ ਪਾਲਤੂ ਵਜੋਂ ਰਖਣਾ ਗੈਰ-ਕਾਨੂੰਨੀ ਹੈ। ਵਾਈਲਡ ਐਨੀਮਲ ਦੇ ਅਧਿਕਾਰਾਂ ਅਤੇ ਆਪਣੀ ਡਿਊਟੀ ਪ੍ਰਤੀ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ, ਇਸ ਲਈ ਜਾਗਰੂਕ ਕਰਨ ਲਈ ਫਾਰੈਸਟ ਐੰਡ ਵਾਈਲਡਲਾਈਫ ਡਿਪਾਰਟਮੈਂਟ ਨੇ ਇਕ ਕੈਂਪੇਨ ਸਟਾਪ ਬੀਂਗਸ ਵਾਈਲਡ ਵਿਦ ਦਿ ਵਾਈਲਡ ਵੀ ਸ਼ੁਰੂ ਕੀਤਾ ਹੈ, ਜਿਸ ਵਿਚ ਲੋਕਾਂ ਨੂੰ ਜਾਨਵਰਾਂ ਦੇ ਅਧਿਕਾਰਾਂ ਅਤੇ ਇਨ੍ਹਾਂ ਪ੍ਰਤੀ ਉਨ੍ਹਾਂ ਦੇ ਫਰਜ਼ਾਂ ਦੀ ਜਾਣਕਾਰੀ ਦਿੱਤੀ ਜਾਵੇਗੀ। ਸੋਸ਼ਲ ਮੀਡੀਆ ਤੋਂ ਲੈ ਕੇ ਹੋਰ ਪਲੇਟਫਾਰਮ ’ਤੇ ਵਿਭਾਗ ਦੇ ਅਧਿਕਾਰੀ ਇਸ ਦੀ ਜਾਣਕਾਰੀ ਲੋਕਾਂ ਤੱਕ ਪਹੁੰਚਾ ਰਹੇ ਹਨ।