If seen without a mask in Amritsar : ਪੰਜਾਬ ਵਿੱਚ ਕੋਰੋਨਾ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਆਪਣੇ ਪੱਖੋਂ ਬਚਾਅ ਲਈ ਹਰ ਉਚੇਚਾ ਕਦਮ ਚੁੱਕ ਰਿਹਾ ਹੈ। ਇਸੇ ਦੇ ਚੱਲਦਿਆਂ ਅੰਮ੍ਰਿਤਸਰ ਪ੍ਰਸ਼ਾਸਨ ਵੱਲੋਂ ਵੀ ਕੋਰੋਨਾ ਦੇ ਫੈਲਾਅ ਨੂੰ ਰੋਕਣ ਲਈ ਲੋਕਾਂ ਦੇ ਹਿੱਤ ਵਿੱਚ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਜਿਸ ਮੁਤਾਬਕ ਵੱਖ-ਵੱਖ ਸਮਾਜਿਕ, ਧਾਰਮਿਕ, ਖੇਡਾਂ, ਮਨੋਰੰਜਨ ਇਕੱਠਾਂ ‘ਤੇ ਇਨ਼ਡੋਰ 100 ਵਿਅਕਤੀਆਂ ਅਤੇ ਆਊਡੋਰ 200 ਵਿਅਕਤੀਆਂ ਦੇ ਇਕੱਠ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇਗਾ। ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ ‘ਤੇ ਪ੍ਰਬੰਧਕਾਂ, ਸੋਸ਼ਲ ਡਿਸਟੈਂਸਿੰਗ ਦੀ ਉਲੰਘਣਾ ਕਰਨ ਵਾਲੇ ਅਤੇ ਇਕੱਠ ਵਿੱਚ ਮਾਸਕ ਤੋਂ ਬਗੈਰ ਵਿਅਕਤੀਆਂ ਨੂੰ ਜੁਰਮਾਨਾ ਕੀਤਾ ਜਾਵੇਗਾ।
ਡੀਸੀ ਗੁਰਪ੍ਰੀਤ ਸਿੰਘ ਖਹਿਰਾ ਵੱਲੋਂ ਜਾਰੀ ਹੁਕਮਾਂ ਮੁਤਾਬਕ ਜ਼ਿਲ੍ਹੇ ਵਿੱਚ ਭੀੜ ਵਾਲੀਆਂ ਥਾਵਾਂ ‘ਤੇ ਜਿਵੇਂ ਚੌਂਕਾਂ ਆਦਿ ‘ਤੇ ਬਿਨਾਂ ਮਾਸਕ ਦੇ ਘੁੰਮਦੇ ਵਿਅਕਤੀਆਂ ਨੂੰ ਵੀ ਜੁਰਮਾਨਾ ਲਗਾਇਆ ਜਾਵੇਗਾ। ਅਜਿਹੇ ਵਿਅਕਤੀਆਂ ਨੂੰ ਚੌਂਕ ‘ਤੇ ਰੋਕ ਕੇ ਉਥੇ ਹੀ ਉਨ੍ਹਾਂ ਦਾ ਕੋਰੋਨਾ ਟੈਸਟ ਹੋਵੇਗਾ। ਦੁਕਾਨਦਾਰਾਂ ਅਤੇ ਗਾਹਕਾਂ ਨੂੰ ਵੀ ਮਾਸਕ ਨਾ ਪਹਿਨਣ ‘ਤੇ ਜੁਰਮਾਨਾ ਲਗਾਇਆ ਜਾਵੇਗਾ ਅਤੇ ਅਜਿਹੇ ਵਿਅਕਤੀਆਂ ਦਾ ਥਾਂ ‘ਤੇ ਹੀ ਕੋਰੋਨਾ ਟੈਸਟ ਕੀਤਾ ਜਾਵੇਗਾ। ਇਨ੍ਹਾਂ ਹੁਕਮਾਂ ਦੀ ਸਖਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣ ਦੀਆਂ ਹਿਦਾਇਤਾਂ ਦਿੱਤੀਆਂ ਗਈਆਂ ਹਨ।
ਮੈਰਿਜ ਪੈਲੇਸਾਂ, ਰੈਸਟੋਰੈਂਟਾਂ ਜਾ ਹੋਰ ਇਕੱਠ ਵਾਲੇ ਸਮਾਗਮਾਂ ਦੇ ਪ੍ਰਬੰਧਕਾਂ ਨੂੰ ਕੋਰੋਨਾ ਪ੍ਰਟੋਕਾਲਾਂ ਦੀ ਪਾਲਣਾ ਨੂੰ ਯਕੀਨੀ ਬਣਾਉਣਾ ਹੋਵੇਗਾ। ਇਸ ਦੀ ਉਲੰਘਣਾ ਲਈ ਪ੍ਰਬੰਧਕ ਜ਼ਿੰਮੇਵਾਰ ਹੋਣਗੇ। ਸਮਾਗਮਾਂ ਦੇ ਪ੍ਰਬੰਧਕਾਂ ਨੂੰ ਇਸ ਗੱਲ ਨੂੰ ਵੀ ਯਕੀਨੀ ਬਣਾਉਣਾ ਹੋਵੇਗਾ ਕਿ ਇਸ ਵਿੱਚ ਸ਼ਾਮਲ ਹੋਣ ਵਾਲੇ ਵਿਅਕਤੀਆਂ ਦੀ 72 ਘੰਟੇ ਪਹਿਲਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਹੋਵੇ ਜਾਂ ਜੇਕਰ ਉਨ੍ਹਾਂ ਨੇ ਕੋਰੋਨਾ ਦਾ ਟੀਕਾ ਲਗਵਾਇਆ ਹੈ ਤਾਂ ਇਸ ਦਾ ਸਬੂਤ ਉਸ ਦੇ ਕੋਲ ਹੋਵੇ। ਜ਼ਿਲ੍ਹੇ ਦੇ ਸਾਰੇ ਐਸਡੀਐਮ ਅਤੇ ਪੁਲਿਸ ਅਮਲੇ ਵੱਲੋਂ ਆਪਣੇ ਸਬ-ਡਵੀਜ਼ਨ ਵਿੱਚ ਮੈਰਿਜ ਪੈਲੇਸਾਂ ਤੇ ਰੈਸਟੋਰੈਂਟ ਵਿੱਚ ਇਨ੍ਹਾਂ ਹਿਦਾਇਤਾਂ ਦੀ ਸਖਤੀ ਨਾਲ ਪਾਲਣਾ ਲਈ ਲਗਾਤਾਰ ਉਥੇ ਜਾਣ ਨੂੰ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ।