IMD issues red alert: ਨਵੀਂ ਦਿੱਲੀ: ਜੇ ਤੁਸੀਂ ਅੱਜ ਕਿਸੇ ਕੰਮ ਕਾਰਨ ਬਾਹਰ ਜਾਣ ਦੀ ਯੋਜਨਾ ਬਣਾ ਰਹੇ ਹੋ, ਤਾਂ ਇਕ ਵਾਰ ਫਿਰ ਸੋਚ ਲਵੋ । ਅੱਜ ਪੂਰੇ ਉੱਤਰ ਭਾਰਤ ਵਿੱਚ ਤਾਪਮਾਨ ਅਤਿਅੰਤ ਰਹੇਗਾ । ਮੌਸਮ ਵਿਭਾਗ ਨੇ ਪੂਰੇ ਉੱਤਰ ਭਾਰਤ ਵਿੱਚ ਰੈੱਡ ਅਲਰਟ ਜਾਰੀ ਕੀਤਾ ਹੈ, ਜਿਸ ਵਿੱਚ ਦਿੱਲੀ, ਹਰਿਆਣਾ, ਰਾਜਸਥਾਨ, ਪੰਜਾਬ ਅਤੇ ਉੱਤਰ ਪ੍ਰਦੇਸ਼ ਸ਼ਾਮਿਲ ਹਨ । ਭਾਰਤੀ ਮੌਸਮ ਵਿਭਾਗ ਅਨੁਸਾਰ ਉੱਤਰ ਭਾਰਤ ਵਿੱਚ ਗਰਮੀ ਦੇ ਲਿਹਾਜ ਨਾਲ 26 ਮਈ ਲਈ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ, ਜਿੱਥੇ ਲੂ ਦਾ ਪ੍ਰਕੋਪ ਆਪਣੇ ਸਿਖਰ ‘ਤੇ ਹੋ ਸਕਦਾ ਹੈ ।
ਭਾਰਤੀ ਮੌਸਮ ਵਿਭਾਗ ਨੇ ਕਿਹਾ ਕਿ ਉੱਤਰ ਭਾਰਤ ਦੇ 29-30 ਮਈ ਨੂੰ ਧੂੜ ਹਨੇਰੀ ਦੇ ਨਾਲ ਮੀਂਹ ਆਉਣ ਦੀ ਸੰਭਾਵਨਾ ਹੈ, ਜੋ ਗਰਮੀ ਦੇ ਪ੍ਰਕੋਪ ਤੋਂ ਰਾਹਤ ਦਿਵਾ ਸਕਦੀ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਸੋਮਵਾਰ ਨੂੰ ਰਾਜਸਥਾਨ ਦੇ ਚੁਰੂ ਵਿੱਚ ਪਾਰਾ 47.5 ਡਿਗਰੀ ਸੈਲਸੀਅਸ ਦੇ ਨੇੜੇ ਪਹੁੰਚ ਗਿਆ । ਇਸ ਦੇ ਨਾਲ ਹੀ ਰਾਸ਼ਟਰੀ ਰਾਜਧਾਨੀ ਵਿੱਚ ਵੱਧ ਤੋਂ ਵੱਧ ਤਾਪਮਾਨ 46 ਡਿਗਰੀ ਤੱਕ ਪਹੁੰਚ ਗਿਆ ਸੀ । ਰਾਜਸਥਾਨ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਦਿਨ ਦਾ ਤਾਪਮਾਨ 45 ਤੋਂ 47 ਡਿਗਰੀ ਦੇ ਵਿਚਕਾਰ ਰਿਹਾ, ਜਦੋਂਕਿ ਪੰਜਾਬ ਅਤੇ ਹਰਿਆਣਾ ਦੇ ਲੋਕਾਂ ਨੂੰ ਵੀ ਗਰਮੀ ਦੀ ਮਾਰ ਝੱਲਣੀ ਪਈ।
ਹਰਿਆਣਾ ਦੇ ਨਾਰਨੌਲ ਵਿੱਚ ਵੱਧ ਤੋਂ ਵੱਧ ਤਾਪਮਾਨ 45.8 ਡਿਗਰੀ ਦਰਜ ਕੀਤਾ ਗਿਆ । ਪ੍ਰਯਾਗਰਾਜ 46.3 ਡਿਗਰੀ ਤਾਪਮਾਨ ਦੇ ਨਾਲ ਉੱਤਰ ਪ੍ਰਦੇਸ਼ ਦਾ ਸਭ ਤੋਂ ਗਰਮ ਸਥਾਨ ਸੀ । ਦੱਸ ਦੇਈਏ ਕਿ ਤੇਜ਼ ਗਰਮੀ ਨੇ ਪੰਜਾਬ ਅਤੇ ਹਰਿਆਣਾ ਨੂੰ ਵੀ ਪ੍ਰਭਾਵਿਤ ਕੀਤਾ ਹੈ । ਹਰਿਆਣਾ ਦੇ ਹਿਸਾਰ ਵਿੱਚ 45 ਡਿਗਰੀ ਸੈਲਸੀਅਸ, ਆਮ ਨਾਲੋਂ ਚਾਰ ਡਿਗਰੀ ਵੱਧ, ਭਿਵਾਨੀ ਵਿਚ 43.1 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ । ਕਰਨਾਲ ਵਿੱਚ ਵੀ ਤਾਪਮਾਨ 43 ਡਿਗਰੀ ਦਰਜ ਕੀਤਾ ਗਿਆ ਜੋ ਆਮ ਨਾਲੋਂ ਪੰਜ ਡਿਗਰੀ ਵੱਧ ਹੈ ।