Impact of Punjab Bandh in Jalandhar : ਜਲੰਧਰ : ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਤਿੰਨ ਖੇਤੀ ਬਿੱਲਾਂ ਨੂੰ ਲੈ ਕੇ ਪੰਜਾਬ ਦੇ ਕਿਸਾਨਾਂ ਤੇ ਆਮ ਲੋਕਾਂ ਵਿੱਚ ਵੀ ਕਾਫੀ ਰੋਸ ਪਾਇਆ ਜਾ ਰਿਹਾ ਹੈ। ਇਸ ਨੂੰ ਲੈ ਕੇ ਕਿਸਾਨ, ਆੜ੍ਹਤੀ ਤੇ ਮਜ਼ਦੂਰ ਸੜਕਾਂ ’ਤੇ ਉਤਰ ਆਏ ਹਨ। ਕਿਸਾਨਾਂ ਵੱਲੋਂ ਦਿੱਤੇ ਬੰਦ ਦੇ ਸੱਦੇ ਨੂੰ ਜਲੰਧਰ ਵਿੱਚ ਵੀ ਭਰਵਾਂ ਹੁੰਗਾਰਾ ਮਿਲਿਆ, ਜਿਸ ਅਧੀਨ ਜ਼ਿਲ੍ਹੇ ਵਿਚ ਵੱਖ-ਵੱਖ ਥਾਵਾਂ ‘ਤੇ ਸੜਕਾਂ ਜਾਮ ਕਰਕੇ ਕਿਸਾਨਾਂ ਤੇ ਹੋਰ ਜਥੇਬੰਦੀਆਂ ਵੱਲੋਂ ਰੋਸ ਮੁਜ਼ਾਹਰਾ ਕੀਤਾ ਗਿਆ। ਅੱਜ ਸਵੇਰ ਤੋਂ ਹੀ ਪ੍ਰਦਰਸ਼ਨਕਾਰੀ ਕਿਸਾਨਾਂ ਵੱਲੋਂ ਸੜਕਾਂ ‘ਤੇ ਧਰਨੇ ਲਾ ਕੇ ਨਾਅਰੇਬਾਜ਼ੀ ਕਰਦੇ ਨਜ਼ਰ ਆਏ।
ਇਸ ਦੌਰਾਨ ਪੀਏਪੀ ਚੌਕ, ਪਠਾਨਕੋਟ ਚੌਕ, ਵੇਰਕਾ ਮਿਲਕ ਪਲਾਂਟ ਚੌਕ, ਕਿਸ਼ਨਗੜ੍ਹ, ਪ੍ਰਤਾਪਪੁਰਾ, ਸ਼ਾਹਕੋਟ, ਜੰਡਿਆਲਾ ਮੰਜਕੀ, ਕਰਤਾਰਪੁਰ, ਫਿਲੌਰ, ਆਦਮਪੁਰ, ਜਮਸ਼ੇਰ ਖਾਸ, ਭੋਗਪੁਰ ਆਦਿ ਵਿਚ ਕਿਸਾਨਾਂ ਵੱਲੋਂ ਧਰਨੇ ਲਗਾਏ ਗਏ। ਪੀਏਪੀ ਚੌਕ ਜਾਣ ਵਾਲਾ ਟ੍ਰੈਫਿਕ ਬੀਐੱਸਐੱਫ ਚੌਕ ਤੋਂ ਡਾਇਵਰਟ ਕਰਕੇ ਲਾਡੋਵਾਲੀ ਰੋਡ ਅਤੇ ਫਿਰ ਚੁਗਿੱਟੀ ਵੱਲ ਭੇਜਿਆ ਜਾ ਰਿਹਾ ਹੈ। ਗੁਰੂ ਰਵਿਦਾਸ ਚੌਕ ਵੱਲੋਂ ਜਾਣ ਵਾਲਾ ਟ੍ਰੈਫਿਕ ਵੀ ਡਾਇਵਰਟ ਕੀਤਾ ਗਿਆ ਹੈ। ਨੂਰਮਹਿਲ ਦੇ ਸਾਰੇ ਹੀ ਬਾਜ਼ਾਰ ਬੰਦ ਹਨ ਆਵਜਾਈ ਵੀ ਪੂਰੀ ਤਰ੍ਹਾਂ ਜਾਮ ਹੈ। ਨੂਰਮਹਿਲ ਦੇ ਨੇੜੇ-ਤੇੜੇ ਦੇ ਪਿੰਡਾਂ ਦੇ ਕਿਸਾਨ ਅਤੇ ਮਜ਼ਦੂਰ ਵੱਡੇ ਜੱਥਿਆਂ ਦੇ ਰੂਪ ਵਿਚ ਵੱਡੀਆਂ ਸੜਕਾਂ ਨੂੰ ਰੋਕਣ ਲਈ ਜਾ ਰਹੇ ਹਨ।
ਕਿਸਾਨਾਂ ਵੱਲੋਂ ਖੇਤੀ ਆਰਡੀਨੈਂਸਾਂ ਨੂੰ ਵਾਪਿਸ ਲੈਣ ਦੀ ਮੰਗ ਕਰਦੇ ਹੋਏ ਨਾਅਰੇਬਾਜ਼ੀ ਕੀਤੀ ਗਈ। ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਇੱਕਜੁੱਟ ਹੋ ਕੇ ਕਤਿਸਾਨਾਂ ਤੇ ਮਜ਼ਦੂਰਾਂ ਦੀ ਹਿਮਾਇਤ ਕਰਦੇ ਹੋਏ ਉਨ੍ਹਾਂ ਦਾ ਪੂਰਾ ਸਾਥ ਦਿੱਤਾ ਜਾ ਰਿਹਾ ਹੈ। ਜ਼ਿਲ੍ਹੇ ਵਿੱਚ ਇਸ ਦੌਰਾਨ ਲਗਭਗ 300 ਦੇ ਕਰੀਬ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਹਾਲਾਂਕਿ ਜ਼ਰੂਰੀ ਵਸਤਾਂ ’ਤੇ ਕੋਈ ਪਾਬੰਦੀ ਨਹੀਂ ਹੈ।
ਨੂਰਪੁਰ ਤੋਂ ਲੈ ਕੇ ਪਠਾਨਕੋਟ ਬਾਈਪਾਸ ਅਤੇ ਲੰਮਾ ਪਿੰਡ ਚੌਕ ਤੱਕ ਮੋਟਰਸਾਈਕਲ ਰੈਲੀ ਕੱਢੀ ਗਈ। ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਆਗੂ ਕਿਰਪਾਲ ਸਿੰਘ ਮੂਸਾਪੁਰ ਨੇ ਦੱਸਿਆ ਕਿ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਤਿੰਨ ਖੇਤੀ ਬਿੱਲ ਕਿਸਾਨ ਮਾਰੂ ਹਨ। ਜਿੰਨੀ ਦੇਰ ਤਕ ਸਰਕਾਰ ਇਹ ਵਾਪਸ ਨਹੀਂ ਲੈਂਦੀ, ਓਨੀ ਦੇਰ ਤਕ ਸੰਘਰਸ਼ ਜਾਰੀ ਰਹੇਗਾ।