ਕਿਸਾਨ ਸੰਗਠਨਾਂ ਵੱਲੋਂ ਅੱਜ ਪੰਜਾਬ ਬੰਦ ਦਾ ਐਲਾਨ ਕੀਤਾ ਗਿਆ ਹੈ। ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਬਾਜ਼ਾਰ ਬੰਦ ਰਹਿਣਗੇ। ਪੰਜਾਬ ਬੰਦ ਦਾ ਅਸਰ ਸੂਬੇ ਦੇ ਵੱਖ-ਵੱਖ ਸ਼ਹਿਰਾਂ ਵਿਚ ਦੇਖਣ ਨੂੰ ਮਿਲ ਰਿਹਾ ਹੈ। ਸੜਕਾਂ ‘ਤੇ ਸੰਨਾਟਾ ਪਸਰਿਆ ਹੋਇਆ ਹੈ। ਸ਼ਹਿਰਾਂ ਦੇ ਸਾਰੇ ਬਾਜ਼ਾਰ ਤੇ ਹੋਰ ਕਾਰੋਬਾਰ ਬੰਦ ਨਜ਼ਰ ਆ ਰਹੇ ਹਨ। ਦੱਸ ਦੇਈਏ ਕਿ ਕਿਸਾਨਾਂ ਵੱਲੋਂ ਲੁਧਿਆਣਾ ਚੰਡੀਗੜ੍ਹ ਰਾਸ਼ਟਰੀ ਰਾਜਮਾਰਗ ਸਵੇਰੇ 7 ਵਜੇ ਤੋਂ ਬੰਦ ਕਰ ਦਿੱਤਾ ਗਿਆ ਸੀ ਤੇ ਕਿਸਾਨ ਸੰਗਠਨ ਦੇ ਮੈਂਬਰ ਸਮਰਾਲਾ ਕੋਲ ਨੀਲੋ ਪੁਲ ‘ਤੇ ਧਰਨੇ ‘ਤੇ ਬੈਠ ਕੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਕਿਸਾਨ ਨੇਤਾਵਾਂ ਵੱਲੋਂ ਕਿਹਾ ਗਿਆ ਹੈ ਕਿ ਸਵੇਰੇ 7 ਵਜੇ ਤੋਂ ਸ਼ੁਰੂ ਹੋਇਆ ਇਹ ਬੰਦ ਸ਼ਾਮ 4 ਵਜੇ ਤੱਕ ਜਾਰੀ ਰਹੇਗਾ ਪਰ ਐਮਰਜੈਂਸੀ ਸੇਵਾਵਾਂ ਵਿਚ ਕੋਈ ਰੋਕ ਨਹੀਂ ਹੋਵੇਗੀ। ਜਿਹੜੇ ਲੋਕਾਂ ਨੂੰ ਐਮਰਜੈਂਸੀ ਸਥਿਤੀ ਵਿਚ ਕਿਤੇ ਜਾਣਾ ਹੈ ਉਨ੍ਹਾਂ ਨੂੰ ਯਾਤਰਾ ਕਰਨ ਤੋਂ ਨਹੀਂ ਰੋਕਿਆ ਜਾ ਰਿਹਾ ਹੈ।
ਦੱਸ ਦੇਈਏ ਕਿ ਅੰਮ੍ਰਿਤਸਰ, ਲੁਧਿਆਣਾ, ਮੋਗਾ, ਬਠਿੰਡਾ, ਮੋਹਾਲੀ ਜਲਾਲਾਬਾਦ, ਸਮਰਾਲਾ, ਮਾਛੀਵਾੜਾ ਸਾਹਿਬ,ਖੰਨਾ ਤੇ ਦੋਰਾਹਾ ਸਣੇ ਆਸ-ਪਾਸ ਦੇ ਹੋਰਨਾਂ ਸ਼ਹਿਰਾਂ ਤੇ ਕਸਬਿਆਂ ਵਿਚ ਬਾਜ਼ਾਰ ਪੂਰੀ ਤਰ੍ਹਾਂ ਬੰਦ ਹਨ। ਕਿਸਾਨਾਂ ਦੇ ਪੰਜਾਬ ਬੰਦ ਦਾ ਅਸਰ ਲੁਧਿਆਣਾ ਵਿਚ ਵੀ ਦੇਖਣ ਨੂੰ ਮਿਲ ਰਿਹਾ ਹੈ। ਹਾਈਵੇ ਜਾਮ ਹੈ। ਇਸ ਨਾਲ ਯਾਤਰੀਆਂ ਨੂੰ ਪ੍ਰੇਸ਼ਾਨੀ ਹੋ ਰਹੀ ਹੈ। ਸ਼ਹਿਰ ਦੇ ਮੁੱਖ ਬਾਜ਼ਾਰ ਵੀ ਬੰਦ ਹਨ। ਬੰਦ ਕਾਰਨ ਆਵਾਜਾਈ ‘ਤੇ ਵੀ ਅਸਰ ਹੋਇਆ ਹੈ। ਬੰਦ ਨੂੰ ਲੈ ਕੇ ਕਿਸਾਨਾਂ ਨੂੰ ਕਈ ਸੰਗਠਨਾਂ ਨੇ ਆਪਣਾ ਸਮਰਥਨ ਵੀ ਦਿੱਤਾ ਹੈ। ਲੁਧਿਆਣਾ ਵਿਚ ਹਾਈਵੇ ‘ਤੇ ਸ਼ੂਗਰ ਮਿਲ ਚੌਕ ‘ਤੇ ਕਿਸਾਨਾਂ ਦਾ ਧਰਨਾ ਸਵੇਰੇ ਲਗਭਗ 8.30 ਵਜੇ ਸ਼ੁਰੂ ਹੋਇਆ। ਇਥੇ ਵਾਹਨਾਂ ਦੀ ਆਵਾਜਾਈ ਪੂਰੀ ਤਰ੍ਹਾਂ ਤੋਂਰੋਕ ਦਿੱਤੀ ਗਈ ਹੈ।
ਜਲਾਲਾਬਾਦ ਵਿਚ ਵੀ ਪੰਜਾਬ ਬੰਦ ਨੂੰ ਪੂਰਾ ਸਮਰਥਨ ਮਿਲਿਆ ਹੈ। ਬਾਜ਼ਾਰ ਤੇ ਦੁਕਾਨਾਂ ਨੂੰ ਬੰਦ ਰੱਖਿਆ ਗਿਆ ਹੈ। ਵਾਹਨਾਂ ਦੀ ਆਵਾਜਾਈ ਨੂੰ ਵੀ ਰੋਕ ਦਿੱਤਾ ਗਿਆ ਹੈ। ਕਿਸਾਨ ਸੰਗਠਨਾਂ ਨੇ ਥਾਂ-ਥਾਂ ‘ਤੇ ਧਰਨਾ ਲਗਾਇਆ ਹੋਇਆ ਹੈ। ਹਾਲਾਂਕਿ ਐਮਰਜੈਂਸੀ ਵਾਹਨਾਂ ਨੂੰ ਆਉਣ-ਜਾਣ ਦਿੱਤਾ ਜਾ ਰਿਹਾ ਹੈ।
ਅੰਮ੍ਰਿਤਸਰ ਗੋਲਡਨ ਗੇਟ ‘ਤੇ ਕਿਸਾਨ ਜਥੇਬੰਦੀਆਂ ਨੇ ਧਰਨਾ ਲਗਾਇਆ ਹੋਇਆ ਹੈ ਦੂਜੇ ਪਾਸੇ ਅੰਮ੍ਰਿਤਸਰ ਜ਼ਿਲ੍ਹੇ ਵਿਚ ਵੱਖ-ਵੱਖ ਥਾਵਾਂ ‘ਤੇ ਕਿਸਾਨਾਂ ਨੇ ਸੜਕਾਂ ਜਾਮ ਕਰ ਦਿੱਤੀਆਂ ਹਨ। ਰਸਤੇ ਰੋਕ ਕੇ ਕਿਸਾਨ ਪ੍ਰਦਰਸ਼ਨ ਕਰ ਰਹੇ ਹਨ। ਅੰਮ੍ਰਿਤਸਰ ਬੱਸ ਸਟੈਂਡ ਤੋਂ ਕੋਈ ਬੱਸ ਨਹੀਂ ਚੱਲੀ। ਯਾਤਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਬਿਨਾਂ ਕਿਸੇ ਜਾਣਕਾਰੀ ਦੇ ਘੰਟਿਆਂ ਤੱਕ ਬੱਸ ਸਟੈਂਡ ‘ਤੇ ਇੰਤਜ਼ਾਰ ਕਰਨਾ ਪਿਆ।
ਮੋਹਾਲੀ ਵਿਚ ਕਿਸਾਨਾਂ ਨੇ ਏਅਰਪੋਰਟ ਰੋਡ ਸਥਿਤ ਕੇਐੱਫਸੀ ਜੰਕਸ਼ਨ ‘ਤੇ ਜਾਮ ਲਗਾ ਦਿੱਤਾ। ਸਵੇਰ ਤੋਂ ਹੀ ਕਿਸਾਨ ਵੱਡੀ ਗਿਣਤੀ ਵਿਚ ਇਥੇ ਇਕੱਠੇ ਹੋਏ ਤੇ ਆਵਾਜਾਈ ਨੂੰ ਬੰਦ ਕਰ ਦਿੱਤਾ। ਪ੍ਰਦਰਸ਼ਨ ਕਾਰਨ ਲੰਬਾ ਜਾਮ ਲੱਗ ਗਿਆ ਤੇ ਯਾਤਰੀਆਂ ਨੂੰ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪਿਆ।
ਮੋਗਾ ਵਿਚ ਵੀ ਪੰਜਾਬ ਬੰਦ ਦਾ ਅਸਰ ਦੇਖਣ ਨੂੰ ਮਿਲਿਆ। ਬਾਜ਼ਾਰ ਪੂਰੀ ਤਰ੍ਹਾਂ ਤੋਂ ਬੰਦ ਰਹੇ। ਇਸੇ ਤਰ੍ਹਾਂ ਅਬੋਹਰ ਵਿਚ ਵੀ ਸੜਕ ਤੇ ਰੇਲ ਆਵਾਜਾਈ ਠੱਪ ਰਹੀ। ਸ਼ਹਿਰ ਦੇ ਲਗਭਗ ਸਾਰੇ ਬਾਜ਼ਾਰ ਬੰਦ ਰਹੇ। ਸਵੇਰੇ 7 ਵਜੇ ਹੀ ਕਿਸਾਨਾਂ ਨੇ ਧਰਨਾ ਸ਼ੁਰੂ ਕਰ ਦਿੱਤਾ। ਪ੍ਰਦਰਸ਼ਨਕਾਰੀਆਂ ਨੇ ਸ਼ਾਂਤੀਪੂਰਨ ਤਰੀਕੇ ਨਾਲ ਆਪਣੀਆਂ ਮੰਗਾਂ ਨੂੰ ਦੁਹਰਾਉਂਦੇ ਹੋਏ ਜਲਦ ਕਾਰਵਾਈ ਦੀ ਮੰਗ ਕੀਤੀ।
ਸੁਨਾਮ ਦੇ ਛਾਜਲੀ ਪਿੰਡ ਵਿਚ ਭਾਰਤੀ ਕਿਸਾਨ ਯੂਨੀਅਨ ਦੇ ਮੈਂਬਰਾਂ ਨੇ ਜਾਖਲ ਮੁੱਖ ਸੜਕ ‘ਤੇ ਧਰਨਾ ਦਿੱਤਾ। ਇਸ ਪ੍ਰਦਰਸ਼ਨ ਕਾਰਨ ਸੜਕ ਆਵਾਜਾਈ ਪੂਰੀ ਤਰ੍ਹਾਂ ਤੋਂ ਬੰਦ ਰਹੀ ਜਿਸ ਕਾਰਨ ਯਾਤਰੀ ਕਾਫੀ ਪਰੇਸ਼ਾਨ ਹੋਏ।
ਇਹ ਵੀ ਪੜ੍ਹੋ : ਕਿਸਾਨਾਂ ਨੇ ਅੱਜ ਮੁਕੰਮਲ ਤੌਰ ’ਤੇ ਕੀਤਾ ਪੰਜਾਬ ਬੰਦ, ਅੰਦੋਲਨ ਕਾਰਨ 150 ਤੋਂ ਵੱਧ ਟ੍ਰੇਨਾਂ ਰੱਦ
ਬਠਿੰਡਾ ਵਿਚ ਵੀ ਪੰਜਾਬ ਬੰਦ ਦਾ ਵਿਆਪਕ ਅਸਰ ਦੇਖਣ ਨੂੰ ਮਿਲਿਆ। ਸਵੇਰ ਤੋਂ ਹੀ ਹਾਜੀ ਰਤਨ ਮਾਰਕੀਟ, ਧੋਬੀ ਬਾਜ਼ਾਰ, ਮਾਲ ਰੋਡ, ਬੈਂਕ ਬਾਜ਼ਾਰ ਤੇ ਆਰੀਆ ਸਮਾਜ ਮਾਰਕੀਟ ਸਣੇ ਸ਼ਹਿਰ ਦੇ ਮੁੱਖ ਬਾਜ਼ਾਰ ਪੂਰੀ ਤਰ੍ਹਾਂ ਬੰਦ ਰਹੇ।
ਵੀਡੀਓ ਲਈ ਕਲਿੱਕ ਕਰੋ -: