In Bathinda youngman commits : ਬਠਿੰਡਾ ਵਿਚ ਵੀਰਵਾਰ ਨੂੰ ਇਕ ਨੌਜਵਾਨ ਨੇ ਥਰਮਲ ਪਾਵਰ ਪਲਾਂਟ ਦੀ ਝੀਲ ਨੰਬਰ 1 ਵਿਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਪਰਿਵਾਰਕ ਮੈਂਬਰਾਂ ਨੇ ਪੁਲਿਸ ਨੂੰ ਇਕ ਸੁਸਾਈਡ ਨੋਟ ਦਿੱਤਾ, ਜਿਸ ਵਿਚ ਉਸ ਨੇ ਕਪੂਰਥਲਾ ਦੇ ਰਹਿਣ ਵਾਲੇ ਇਕ ਤਾਂਤ੍ਰਿਕ ਅਤੇ ਉਸ ਦੀ ਪਤਨੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਪੁਲਿਸ ਦਾ ਕਹਿਣਾ ਹੈ ਕਿ ਸੁਸਾਈਡ ਨੋਟ ਦੀ ਜਾਂਚ ਕਰਵਾਈ ਜਾਵੇਗੀ, ਉਸ ਤੋਂ ਬਾਅਦ ਹੀ ਮਾਮਲੇ ਵਿਚ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। ਮ੍ਰਿਤਕ ਦੀ ਪਛਾਣ ਗਣੇਸ਼ਾ ਬਸਤੀ ਵਾਸੀ ਗਲੀ ਨੰਬਰ 10 ਦੇ 44 ਸਾਲਾ ਲਵਲੀਨ ਕੁਮਾਰ ਪੁੱਤਰ ਪ੍ਰੇਮ ਨਾਥ ਵਜੋਂ ਹੋਈ ਹੈ। ਲਗਭਗ 15 ਸਾਲ ਪਹਿਲਾਂ ਉਸ ਦਾ ਵਿਆਹ ਹੋਇਆ ਸੀ ਅਤੇ ਉਹ ਵਰਧਮਾਨ ਫੈਕਟਰੀ ਵਿਚ ਕੰਮ ਕਰਦਾ ਸੀ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬੁੱਧਵਾਰ ਨੂੰ ਅਚਾਨਕ ਉਹ ਘਰੋਂ ਲਾਪਤਾ ਹੋ ਗਿਆ। ਵੀਰਵਾਰ ਸਵੇਰੇ ਸਾਢੇ 5 ਵਜੇ ਦੇ ਕਰੀਬ ਸਹਾਰਾ ਜਨਸੇਵਾ ਨੇ ਲਵਲੀਨ ਦੀ ਲਾਸ਼ ਝੀਲ ਨੰਬਰ 1 ਤੋਂ ਬਰਾਮਦ ਕੀਤੀ ਅਤੇ ਥਮਰਲ ਪੁਲਿਸ ਨੂੰ ਸੂਚਿਤ ਕੀਤਾ। ਮੁੱਢਲੀ ਕਾਰਵਾਈ ਤੋਂ ਬਾਅਦ ਪੁਲਿਸ ਨੇ ਲਾਸ਼ ਨੂੰ ਸਹਾਰਾ ਦੀ ਮਦਦ ਨਾਲ ਮੋਰਚਰੀ ਵਿਚ ਰਖਵਾ ਦਿੱਤਾ। ਲਵਲੀਨ ਦੇ ਪਰਿਵਾਰ ਦੇ ਲੋਕਾਂ ਨੇ ਥਰਮਲ ਪੁਲਿਸ ਨੂੰ ਸੁਸਾਈਡ ਨੋਟ ਦਿੱਤਾ ਹੈ। ਦੋ ਪੇਜ ਦੇ ਸੁਸਾਈਡ ਨੋਟ ਵਿਚ ਲਵਲੀਨ ਨੇ ਆਪਣੀ ਮੌਤ ਦਾ ਜ਼ਿੰਮੇਵਾਰ ਕਪੂਰਥਲਾ ਨਿਵਾਸੀ ਇਕ ਤਾਂਤ੍ਰਿਕ ਅਤੇ ਉਸ ਦੀ ਪਤਨੀ ਨੂੰ ਠਹਿਰਾਇਆ ਹੈ।
ਇਸ ਵਿਚ ਲਿਖਿਆ ਹੈ ਕਿ ਕਪੂਰਥਲਾ ਦੇ ਰੇਡੀਮੇਡ ਕੱਪੜੇ ਦੀ ਦੁਕਾਨ ਕਰਨ ਵਾਲਾ ਵਿਅਕਤੀ, ਜਿਸ ਨੇ ਪਿੰਡ ਔਜਲਾ ਵਿਚ ਆਪਣਾ ਡੇਰਾ ਬਣਾਇਆ ਹੋਇਆ ਹੈ, ਟੂਣੇ ਕਰਕੇ ਆਪਣੀ ਪਤਨੀ ਨਾਲ ਮਿਲ ਕੇ ਉਸ ਦੀ ਪਤਨੀ ਸੁਨੀਤਾ ਨੂੰ ਆਪਣੇ ਵੱਸ ਵਿਚ ਕਰ ਲਿਆ ਹੈ। ਇਸ ਦੇ ਚੱਲਦਿਆਂ ਅਕਸਰ ਉਸ ਦਾ ਅਤੇ ਉਸ ਦੀ ਪਤਨੀ ਦਾ ਆਪਸ ਵਿਚ ਕਲੇਸ਼ ਰਹਿਣ ਲੱਗਾ। ਜਦੋਂ ਉਸ ਨੇ ਤਾਂਤ੍ਰਿਕ ਜੋੜੇ ਨੂੰ ਆਪਣੇ ਘਰ ਵਿਚ ਦਖਲ ਦੇਣ ਤੋਂ ਰੋਕਿਆ ਤਾਂ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਇਸ ਸੰਬੰਧੀ ਥਰਮਲ ਪੁਲਿਸ ਦੇ ਸਬ-ਇੰਸਪੈਕਟਰ ਬਲਕਾਰ ਸਿੰਘ ਨੇ ਦੱਸਿਆ ਕਿ ਸੁਸਾਈਡ ਨੋਟ ਦੀ ਜਾਂਚ ਕਰਨ ਤੋਂ ਬਾਅਦ ਜੇਕਰ ਦੋਸ਼ ਸਹੀ ਪਾਏ ਗਏ ਤਾਂ ਦੋਸ਼ੀਆਂ ਖਿਲਾਫ ਮਾਮਲਾ ਦਰਜ ਕੀਤਾ ਜਾਵੇਗਾ।