In Ludhiana 7 more : ਕੋਰੋਨਾ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ ਤੇ ਇਸ ਦੇ ਕੇਸਾਂ ਦੀ ਗਿਣਤੀ ਵੀ ਰੁਕਣ ਦਾ ਨਾਂ ਨਹੀਂ ਲੈ ਰਹੀ। ਅੱਜ ਜਿਲ੍ਹਾ ਲੁਧਿਆਣਾ ਵਿਖੇ 7 ਨਵੇਂ ਕੇਸ ਕੋਰੋਨਾ ਦੇ ਸਾਹਮਣੇ ਆਏ ਹਨ। ਇਨ੍ਹਾਂ ਵਿਚੋਂ 6 ਪੀੜਤ ਰੇਲਵੇ ਪ੍ਰੋਟੈਕਸ਼ਨ ਫੋਰਸ ਨਾਲ ਸਬੰਧਤ ਹਨ। ਇਸ ਦੀ ਜਾਣਕਾਰੀ ਸਿਵਲ ਸਰਜਨ ਡਾ. ਰਾਜੇਸ ਬੱਗਾ ਨੇ ਦਿੱਤੀ। ਇਨ੍ਹਾਂ ਮਰੀਜ਼ਾਂ ਵਿਚ 47 ਸਾਲਾ RPF ਦਾ ਜਵਾਨ ਸੋਨੀਪਤ, 50 ਸਾਲਾ ਜਵਾਨ ਜੰਮੂ, 51 ਸਾਲਾ ਜਵਾਨ ਕਾਂਗੜਾ, ਹਿਮਾਚਲ ਪ੍ਰਦੇਸ਼ 46 ਸਾਲਾ ਆਰ. ਪੀ. ਐੱਫ. ਜਵਾਨ ਕਰਨਾਲ, 45 ਸਾਲ ਅਤੇ 28 ਸਾਲਾ ਦੇ ਦੋ ਨੌਜਵਾਨ ਫਰੀਦਾਬਾਦ ਤੋਂ ਹਨ।
ਸਿਵਲ ਸਰਜਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਕ 28 ਸਾਲਾ ਔਰਤ ਵੀ ਕੋਰੋਨਾ ਨਾਲ ਪੀੜਤ ਪਾਈ ਗਈ ਹੈ। ਇਹ ਕੁਝ ਦਿਨ ਪਹਿਲਾਂ ਹੀ ਦਿੱਲੀ ਤੋਂ ਵਾਪਸ ਆਈ ਹੈ। ਇਸ ਤੋਂ ਇਲਾਵਾ 124 ਵਿਅਕਤੀਆਂ ਦੇ ਸੈਂਪਲ ਜਾਂਚ ਲਈ ਭੇਜੇ ਗਏ ਹਨ। ਜਿਲ੍ਹਾ ਲੁਧਿਆਣਾ ਵਿਚ ਕੋਰੋਨਾ ਮਰੀਜ਼ਾਂ ਦੀ ਗਿਣਤੀ 178 ਹੋ ਗਈ ਹੈ ਜਿਨ੍ਹਾਂ ਵਿਚੋਂ 131 ਠੀਕ ਹੋ ਕੇ ਆਪਣੇ ਘਰਾਂ ਨੂੰ ਮੁੜ ਚੁੱਕੇ ਹਨ ਅਤੇ 7 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਲਗਭਗ 80 ਮਰੀਜ਼ ਜਿਲ੍ਹਾ ਲੁਧਿਆਣਾ ਤੋਂ ਬਾਹਰੀ ਜਿਲ੍ਹਿਆਂ ਦੇ ਹਸਪਤਾਲਾਂ ਵਿਚ ਭਰਤੀ ਹਨ। 2659 ਵਿਅਕਤੀਆਂ ਨੂੰ ਕੁਆਰੰਟਾਈਨ ਕੀਤਾ ਗਿਆ ਹੈ ਤੇ ਅੱਜ 7 ਕੇਸ ਨਵੇਂ ਆਉਣ ਨਾਲ ਉਨ੍ਹਾਂ ਵਿਅਕਤੀਆਂ ਨੂੰ ਵੀ ਕੁਆਰੰਟਾਈਨ ਕੀਤਾ ਗਿਆ ਹੈ ਜਿਹੜੇ ਇਨ੍ਹਾਂ ਇੰਫੈਕਟਿਡ ਲੋਕਾਂ ਦੇ ਸੰਪਰਕ ਵਿਚ ਸਨ। ਲੁਧਿਆਣਾ ਵਿਖੇ 5343 ਮਰੀਜ਼ਾਂ ਦੀ ਰਿਪੋਰਟ ਮਿਲੀ ਹੈ ਜਿਨ੍ਹਾਂ ਵਿਚੋਂ 5085 ਮਰੀਜ਼ਾਂ ਦੇ ਟੈਸਟ ਨੈਗੇਟਿਵ ਆਏ ਹਨ।
ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਕਿਹਾ ਕਿ ਕੋਰੋਨਾ ਵਾਇਰਸ ਨੂੰ ਕੰਟਰੋਲ ਕਰਨ ਲਈ ਪ੍ਰਸ਼ਾਸਨ ਵਲੋਂ ਕਾਫੀ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਤੇ ਜੇਕਰ ਕੋਈ ਵਿਅਕਤੀ ਕੋਰੋਨਾ ਸਬੰਧੀ ਨਿਯਮਾਂ ਦੀ ਪਾਲਣਾ ਨਹੀਂ ਕਰਦਾ ਤਾਂ ਉਸ ਨੂੰ ਜੁਰਮਾਨਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜਿਵੇਂ ਕਿ ਸੂਬਾ ਸਰਕਾਰ ਵਲੋਂ ਵਿਦੇਸ਼ਾਂ ਤੋਂ ਵੀ ਹੁਣ ਲੋਕ ਵਾਪਸ ਆਪਣੇ ਘਰਾਂ ਨੂੰ ਪਰਤ ਰਹੇ ਹਨ ਪਰ ਪਹਿਲਾਂ ਉਨ੍ਹਾਂ ਦੇ ਟੈਸਟ ਕੀਤੇ ਜਾਣਗੇ। ਉਸ ਦੀ ਰਿਪੋਰਟ ਟੈਸਟ ਲਈ ਭੇਜੀ ਜਾਵੇਗੀ ਤੇ ਜੇਕਰ ਉਸ ਦੀ ਰਿਪੋਰਟ ਨੈਗੇਟਿਵ ਆਉਂਦੀ ਹੈ ਤਾਂ ਹੀ ਉਸ ਨੂੰ ਘਰ ਜਾਣ ਦੀ ਇਜਾਜ਼ਤ ਹੋਵੇਗੀ ਤੇ ਰਿਪੋਰਟ ਪਾਜੀਟਿਵ ਆਉਣ ‘ਤੇ ਉਸ ਨੂੰ ਆਈਸੋਲੇਸ਼ਨ ਵਾਰਡ ਵਿਚ ਰੱਖਿਆ ਜਾਵੇਗਾ ਤਾਂ ਜੋ ਉਸ ਇੰਫੈਕਟਿਡ ਵਿਅਕਤੀ ਤੋਂ ਉਸ ਦੇ ਪਰਿਵਾਰ ਵਾਲਿਆਂ ਨੂੰ ਬਚਾਇਆ ਜਾ ਸਕੇ।