In Mohali night curfew : ਮੁਹਾਲੀ : ਪੰਜਾਬ ‘ਚ ਇੱਕ ਵਾਰ ਫਿਰ ਕੋਰੋਨਾ ਦੇ ਮਾਮਲੇ ਵੱਧ ਰਹੇ ਹਨ, ਜਿਸ ਦੇ ਚੱਲਦਿਆਂ ਮੋਹਾਲੀ ਪ੍ਰਸ਼ਾਸਨ ਨੇ ਵੀ ਜ਼ਿਲ੍ਹੇ ਇਸ ਮਹਾਮਾਰੀ ਦੇ ਲਗਾਤਾਰ ਵਧ ਰਹੇ ਖਤਰੇ ਦੇ ਮੱਦੇਨਜ਼ਰ ਨੇ ਵੀ ਸਖਤੀ ਵਰਤਣੀ ਸ਼ੁਰੂ ਕਰ ਦਿੱਤੀ ਹੈ। ਪੰਜਾਬ ਦੇ ਹੋਰ ਛੇ ਜ਼ਿਲ੍ਹਿਆਂ ਦੀ ਤਰਜ ’ਤੇ ਮੋਹਾਲੀ ਵਿੱਚ ਵੀ ਰਾਤ ਨੂੰ ਨਾਈਟ ਕਰਫਿਊ ਲਗਾ ਦਿੱਤਾ ਗਿਆ ਹੈ। ਮੁਹਾਲੀ ਜ਼ਿਲ੍ਹੇ ਵਿੱਚ ਕਰਫਿਊ ਰਾਤ 11 ਵਜੇ ਤੋਂ ਸਵੇਰੇ 5 ਵਜੇ ਤੱਕ ਰਹੇਗਾ। ਇਸ ਤੋਂ ਪਹਿਲਾਂ ਪੰਜਾਬ ਦੇ ਲੁਧਿਆਣਾ, ਪਟਿਆਲਾ, ਜਲੰਧਰ, ਕਪੂਰਥਲਾ, ਹੁਸ਼ਿਆਰਪੁਰ, ਫਤਿਹਗੜ੍ਹ ਸਾਹਿਬ ਅਤੇ ਨਵਾਂ ਸ਼ਹਿਰ ਵਿਚ ਰਾਤ ਦਾ ਕਰਫਿਊ ਲਗਾਇਆ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਇਕ ਵਾਰ ਫਿਰ ਰਾਜ ਵਿਚ ਕੋਰੋਨਾ ਦੇ ਸਰਗਰਮ ਮਾਮਲੇ 10 ਹਜ਼ਾਰ ਨੂੰ ਪਾਰ ਕਰ ਗਏ ਹਨ।
ਡੀਸੀ ਗਿਰੀਸ਼ ਦਿਆਲਨ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਹਾਮਾਰੀ ਨਾਲ ਨਜਿੱਠਣ ਲਈ ਇਹ ਕਦਮ ਚੁੱਕਣਾ ਜ਼ਰੂਰੀ ਹੈ। ਉਨ੍ਹਾਂ ਲੋਕਾਂ ਨੂੰ ਹਿਦਾਇਤ ਦਿੱਤੀ ਕਿ ਉਹ ਕੋਰੋਨਾ ਗਾਈਡਲਾਈਨ ਦੀ ਪਾਲਣਾ ਕਰਨ। ਦੱਸ ਦੇਈਏ ਕਿ ਮਹਾਮਾਰੀ ਨਾਲ ਮੌਤਾਂ ਦੇ ਮਾਮਲੇ ਵਿੱਚ ਮੋਹਾਲੀ ਟ੍ਰਾਈਸਿਟੀ ਵਿੱਚ ਪਹਿਲੇ ਨੰਬਰ ’ਤੇ ਹੈ। ਮੋਹਾਲੀ ਜ਼ਿਲ੍ਹੇ ਵਿੱਚ ਹੁਣ ਤੱਕ ਕੋਰੋਨਾ ਨਾਲ 394 ਮੌਤਾਂ ਹੋ ਚੁੱਕੀਆਂ ਹਨ, ਜਦਕਿ 1100 ਤੋਂ ਵੱਧ ਮਾਮਲੇ ਸਰਗਰਮ ਹਨ।
ਜਾਣਕਾਰੀ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਨੇ ਫੈਸਲਾ ਲਿਆ ਹੈ ਕਿ ਹੁਣ ਬਾਜ਼ਾਰਾਂ, ਜਨਤਕ ਥਾਵਾਂ ਅਤੇ ਵਿਆਹ ਸਮਾਗਮਾਂ ਆਦਿ ਵਿੱਚ ਵੀ ਨਜ਼ਰ ਰੱਖੀ ਜਾਵੇਗੀ। ਮਾਸਕ ਨਾ ਪਹਿਨਣ ਵਾਲਿਆਂ ਦੇ ਚਲਾਨ ਕੱਟੇ ਜਾਣਗੇ। ਜੇਕਰ ਕਿਤੇ ਸਮਰੱਥਾ ਤੋਂ ਵੱਧ ਲੋਕ ਜਮ੍ਹਾ ਹੁੰਦੇ ਹਨ ਤਾਂ ਚਾਲਾਨ ਕੀਤੇ ਜਾਣਗੇ। ਪੁਲਿਸ ਨੂੰ ਵੀ ਸਖਤੀ ਕਰਨ ਦੇ ਹੁਕਮ ਦਿੱਤੇ ਗਏ ਹਨ। ਉਥੇ ਹੀ ਪ੍ਰਸ਼ਾਸਨ ਨੇ ਲੋਕਾਂ ਨੂੰ ਕੋਰੋਨਾ ਗਾਈਡਲਾਈਨ ਦੀ ਪਾਲਣਾ ਕਰਨ ਲਈ ਕਿਹਾ ਹੈ। ਇਸ ਦੇ ਨਾਲ ਹੀ ਕਿਸੇ ਵੀ ਕਿਸਮ ਦੀ ਬਿਮਾਰੀ ਨਾਲ ਸਬੰਧਤ ਜਾਣਕਾਰੀ ਲਈ ਹੈਲਪਲਾਈਨ ਨੰਬਰ 104 ਤੇ ਸੰਪਰਕ ਕੀਤਾ ਜਾ ਸਕਦਾ ਹੈ।