India always ready to deal : ਚੀਨ ਅਤੇ ਪਾਕਿਸਤਾਨ ਦੋਵਾਂ ਤੋਂ ਲਗਾਤਾਰ ਖ਼ਤਰੇ ਦੀ ਚਿਤਾਵਨੀ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਹੱਦਾਂ ‘ਤੇ ਦੁਸ਼ਮਣ ਨਾਲ ਲੜਾਈ ਵਿੱਚ ਹਮੇਸ਼ਾ ਮੋਹਰੀ ਰਿਹਾ ਹੈ। ਇੱਥੇ ਆਜ਼ਾਦੀ ਦਿਹਾੜੇ ਦੇ ਇਤਿਹਾਸਕ ਮੌਕੇ ਕੌਮੀ ਤਿਰੰਗਾ ਲਹਿਰਾਉਣ ਉਪਰੰਤ ਮੁੱਖ ਮੰਤਰੀ ਨੇ ਆਪਣੇ ਸੰਬੋਧਨ ‘ਚ ਕਿਹਾ ਸਰਹੱਦਾਂ ‘ਤੇ ਵਧ ਰਹੇ ਤਣਾਓ ਕਰਕੇ ਭਾਰਤ ਕਿਸੇ ਵੀ ਖਤਰੇ ਨਾਲ ਨਜਿੱਠਣ ਲਈ ਹਮੇਸ਼ਾ ਤਿਆਰ ਰਿਹਾ ਹੈ।
ਹਾਲ ਹੀ ‘ਚ ਚੀਨੀ ਫ਼ੌਜੀਆਂ ਵੱਲੋਂ ਭਾਰਤੀ ਜਵਾਨਾਂ ‘ਤੇ ਕੀਤੇ ਗਏ ਵਹਿਸ਼ੀ ਹਮਲੇ ਨੂੰ ਚੇਤੇ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਹਰ ਰੋਜ਼ ਫਾਇਰਿੰਗ ਕਰ ਰਿਹਾ ਹੈ ਜਦੋਂਕਿ ਦੂਜੇ ਪਾਸੇ ਚੀਨ ਗੱਲ ਤਾਂ ਦੋਸਤੀ ਦੀ ਕਰਦਾ ਹੈ ਪਰ ਅਸਲ ਵਿੱਚ ਸਾਡੀ ਕੌਮ ਲਈ ਖਤਰਾ ਬਣਿਆ ਹੋਇਆ ਹੈ। ਕੈਪਟਨ ਨੇ ਕਿਹਾ ਕਿ ਭਾਰਤ ਨੇ ਪਾਕਿਸਤਾਨ ਨੂੰ ਹਮੇਸ਼ਾ ਢੁੱਕਵਾਂ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਚੀਨ ਨਾਲ ਵੀ ਸਖ਼ਤੀ ਨਾਲ ਨਜਿੱਠਣ ਦੀ ਜ਼ਰੂਰਤ ਹੈ। ਲੱਖਾਂ ਭਾਰਤੀਆਂ ਵੱਲੋਂ ਆਜ਼ਾਦੀ ਅੰਦੋਲਨ ‘ਚ ਦਿੱਤੇ ਗਏ ਯੋਗਦਾਨ ਨੂੰ ਯਾਦ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬੀ ਹਰ ਜੰਗ ਵਿੱਚ ਮੋਹਰੀ ਹੋ ਕੇ ਲੜੇ ਹਨ। ਉਨ੍ਹਾਂ ਕਿਹਾ ਕਿ ਕਾਲੇ ਪਾਣੀ (ਅੰਡੇਮਾਨ ਟਾਪੂ) ਵਿਚਲੀ ਸੈਲੂਲਰ ਜੇਲ੍ਹ ਵਿਖੇ ਉਕਰੇ ਹਜ਼ਾਰਾਂ ਪੰਜਾਬੀਆਂ ਦੇ ਨਾਂ ਉਨ੍ਹਾਂ ਦੇ ਅਮਰ ਹੋਣ ਦੀ ਗਵਾਹੀ ਭਰਦੇ ਹਨ। ਉਨ੍ਹਾਂ ਕਿਹਾ ਕਿ ਭਾਵੇਂ ਕੋਵਿਡ ਮਹਾਮਾਰੀ ਕਾਰਨ ਆਜ਼ਾਦੀ ਦਿਵਸ ਦੇ ਸਮਾਗਮ ਇਸ ਸਾਲ ਪਿਛਲੇ ਸਾਲਾਂ ਦੇ ਮੁਕਾਬਲੇ ਥੋੜੇ ਸੰਖੇਪ ਹਨ ਪਰ ਇਹ ਸਮਾਂ ਉਨ੍ਹਾਂ ਆਜ਼ਾਦੀ ਘੁਲਾਟੀਆਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਨ ਦਾ ਹੈ ਜਿਨ੍ਹਾਂ ਸਦਕਾ ਸਾਨੂੰ ਆਜ਼ਾਦੀ ਹਾਸਲ ਹੋਈ ਹੈ। ਉਨ੍ਹਾਂ ਕਿਹਾ ਕਿ ਇਹ ਸਮਾਂ ਮੁਲਕ ਦੀਆਂ ਸਰਹੱਦਾਂ ਦੀ ਰਾਖੀ ਕਰ ਰਹੀਆਂ ਰੱਖਿਆ ਸੈਨਾਵਾਂ ਨੂੰ ਸਲਾਮ ਕਰਨ ਦਾ ਹੈ।
ਕੈਪਟਨ ਨੇ ਕਿਹਾ ਕਿ ਪੈਰਾਮੈਡਿਕਸ ਅਤੇ ਸਿਹਤ ਵਰਕਰਾਂ ਨੂੰ ਜੋ ਕੋਵਿਡ ਦੇ ਅਦਿੱਖ ਦੁਸ਼ਮਣ ਨਾਲ ਲਗਾਤਾਰ ਲੜ ਰਹੇ ਹਨ। ਲੋਕਾਂ ਨੂੰ ਭੋਜਨ ਤੇ ਦਵਾਈਆਂ ਮੁਹੱਈਆ ਕਰਵਾਈਆਂ। ਉਨ੍ਹਾਂ ਇਕ ਵਾਰ ਮੁੜ ਦੁਹਰਾਇਆ ਕਿ ਕੋਰੋਨਾ ਨਾਲ ਨਜਿੱਠਣ ਲਈ ਸਰਾਕਰ ਕੋਸ਼ਿਸ਼ਾਂ ਕਰ ਰਹੀ ਹੈ, ਪਰ ਲੋਕਾਂ ਨੂੰ ਵੀ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਮਾਸਕ ਰੈਗੂਲਰ ਪਹਿਨੋ ਤੇ ਸਰੀਰਕ ਦੂਰੀ ਦੀ ਪਾਲਣਾ ਕਰੋ।