India Domestic flights resume: ਦੇਸ਼ ਵਿੱਚ ਕੋਰੋਨਾ ਲਾਕਡਾਊਨ ਵਿਚਕਾਰ ਬੱਸ, ਰੇਲ ਸੇਵਾ ਸ਼ੁਰੂ ਹੋਣ ਤੋਂ ਬਾਅਦ ਹੁਣ ਜਹਾਜ਼ ਵੀ ਉਡਾਣ ਲਈ ਤਿਆਰ ਹਨ । ਕੋਰੋਨਾ ਸੰਕਟ ਦੇ ਕਾਰਨ ਲਗਭਗ ਦੋ ਮਹੀਨਿਆਂ ਬਾਅਦ 25 ਮਈ ਤੋਂ ਘਰੇਲੂ ਉਡਾਣਾਂ ਦੀ ਉਡਾਣ ਲਈ ਹਵਾਈ ਅੱਡੇ ‘ਤੇ ਵਿਸ਼ੇਸ਼ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ । ਹੁਣ ਹਵਾਈ ਅੱਡੇ ‘ਤੇ ਨਵੇਂ ਨਿਯਮਾਂ ਅਤੇ ਕਾਨੂੰਨਾਂ ਨਾਲ ਸਭ ਕੁਝ ਬਦਲਿਆ ਜਾਵੇਗਾ । ਹਵਾਈ ਅੱਡੇ ‘ਤੇ ਦੋ ਮੀਟਰ ਦੀ ਦੂਰੀ ਅਤੇ ਟਚਲੈੱਸ ਸਿਸਟਮ ਦੀ ਪਾਲਣਾ ਕੀਤੀ ਜਾਵੇਗੀ ।
ਹੁਣ ਹਵਾਈ ਅੱਡੇ ਦੇ ਹਰ ਕਦਮ ਲਈ ਸਮਾਜਿਕ ਦੂਰੀਆਂ ਦਾ ਖਿਆਲ ਰੱਖਣਾ ਹੋਵੇਗਾ । ਦੱਸ ਦੇਈਏ ਕਿ ਲਾਕਡਾਊਨ ਦੇ ਚੌਥੇ ਪੜਾਅ ਦੀ ਘੋਸ਼ਣਾ ਦੇ ਨਾਲ ਹਵਾਈ ਅੱਡੇ ‘ਤੇ ਤਿਆਰੀਆਂ ਸ਼ੁਰੂ ਹੋ ਗਈਆਂ ਸਨ । ਸਰਕਾਰ ਨੇ ਇਸ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ । ਜਿਸ ਦੇ ਅਨੁਸਾਰ ਹਵਾਈ ਅੱਡਿਆਂ ‘ਤੇ ਵਿਸ਼ੇਸ਼ ਤਿਆਰੀ ਕੀਤੀ ਗਈ ਹੈ ।
ਰਾਸ਼ਟਰੀ ਰਾਜਧਾਨੀ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ (IGI) ਨੇ ਸਿਹਤਮੰਦ ਅਤੇ ਸੁਰੱਖਿਅਤ ਹਵਾਈ ਯਾਤਰਾ ਨੂੰ ਉਤਸ਼ਾਹਿਤ ਕਰਨ ਲਈ ਢੁੱਕਵੇਂ ਪ੍ਰਬੰਧ ਕੀਤੇ ਹਨ । ਡੀਆਈਏਲ ਅਨੁਸਾਰ ਹਵਾਈ ਅੱਡੇ ‘ਤੇ ਐਂਟਰੀ ਗੇਟ ਅਤੇ ਚੈੱਕ-ਇਨ ਵਰਗੇ ਸਥਾਨਾਂ ‘ਤੇ ਯਾਤਰੀਆਂ ਲਈ ਆਟੋਮੇਟਿਕ ਹੈਂਡ ਸੈਨੀਟਾਈਜ਼ਰ ਮਸ਼ੀਨਾਂ, ਫਲੋਰ ਮਾਰਕਰ ਸਣੇ ਕਈ ਪ੍ਰਬੰਧ ਕੀਤੇ ਗਏ ਹਨ ।
ਦੱਸ ਦੇਈਏ ਕਿ ਭਾਰਤ ਵਿੱਚ 25 ਮਈ ਤੋਂ ਘਰੇਲੂ ਜਹਾਜ਼ਾਂ ਦੇ ਮੁੜ ਉਡਾਣ ਭਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਦਿੱਲੀ ਹਵਾਈ ਅੱਡੇ ਤੋਂ ਸੋਮਵਾਰ ਨੂੰ ਤਕਰੀਬਨ 380 ਉਡਾਣਾਂ ਦਾ ਸੰਚਾਲਨ ਕੀਤਾ ਜਾਵੇਗਾ ਅਤੇ ਲਗਭਗ 190 ਜਹਾਜ਼ ਦਿੱਲੀ ਏਅਰਪੋਰਟ ਤੋਂ ਰਵਾਨਾ ਹੋਣਗੇ ਅਤੇ ਤਕਰੀਬਨ 190 ਜਹਾਜ਼ ਇੱਥੇ ਉਤਰਣਗੇ । ਦਿੱਲੀ ਏਅਰਪੋਰਟ ਦੇ ਅਪਰੇਟਰ ਡਿਆਲ ਨੇ ਸ਼ਨੀਵਾਰ ਨੂੰ ਕਿਹਾ ਕਿ ਇਸ ਨੇ ਕਈ ਥਾਵਾਂ ‘ਤੇ ਯਾਤਰੀਆਂ ਲਈ ਹੈਂਡ ਸੈਨੀਟਾਈਜ਼ਰ, ਫਲੋਰ ਮਾਰਕਰ, ਦਾਖਲਾ ਅਤੇ ਚੈੱਕ-ਇਨ ਪੁਆਇੰਟ ਸਮੇਤ ਕਈ ਕਦਮ ਚੁੱਕੇ ਹਨ ।