India highest taxes: ਕੇਂਦਰ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ‘ਤੇ ਟੈਕਸ ਵਧਾ ਦਿੱਤਾ ਹੈ । ਪੈਟਰੋਲ ‘ਤੇ 10 ਰੁਪਏ ਪ੍ਰਤੀ ਲੀਟਰ ਐਕਸਾਈਜ਼ ਡਿਊਟੀ ਅਤੇ ਡੀਜ਼ਲ ‘ਤੇ 13 ਰੁਪਏ ਦਾ ਵਾਧਾ ਹੋਇਆ ਹੈ । ਇਸਦੇ ਨਾਲ ਹੀ ਪੈਟਰੋਲ ਅਤੇ ਡੀਜ਼ਲ ‘ਤੇ ਜੋ ਟੈਕਸ ਲਗਾਇਆ ਗਿਆ ਹੈ, ਉਹ ਵੱਧ ਕੇ 69 ਪ੍ਰਤੀਸ਼ਤ ਹੋ ਗਿਆ, ਜੋ ਕਿ ਦੁਨੀਆ ਵਿੱਚ ਸਭ ਤੋਂ ਵੱਧ ਹੈ । ਭਾਰਤ ਤੋਂ ਇਲਾਵਾ ਸਿਰਫ ਫਰਾਂਸ, ਜਰਮਨੀ, ਇਟਲੀ ਅਤੇ ਬ੍ਰਿਟੇਨ ਵਿੱਚ ਹੀ ਬਾਲਣ ‘ਤੇ 60 ਫ਼ੀਸਦੀ ਤੋਂ ਵੱਧ ਟੈਕਸ ਲਗਾਇਆ ਜਾਂਦਾ ਹੈ । ਮੰਗਲਵਾਰ ਰਾਤ ਨੂੰ ਹੀ ਸਰਕਾਰ ਨੇ ਡੀਜ਼ਲ ‘ਤੇ ਐਕਸਾਈਜ਼ ਡਿਊਟੀ 13 ਰੁਪਏ ਪ੍ਰਤੀ ਲੀਟਰ ਅਤੇ ਪੈਟਰੋਲ ‘ਤੇ 10 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ ।
ਦਰਅਸਲ, ਇਸ ਸਬੰਧੀ ਮੰਗਲਵਾਰ ਰਾਤ ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਕਿ ਡੀਜ਼ਲ ਅਤੇ ਪੈਟਰੋਲ ਦੋਵਾਂ ‘ਤੇ ਰੋਡ ਅਤੇ ਇੰਫਰਾ ਸੈੱਸ ਵਧਾ ਕੇ 8 ਰੁਪਏ ਪ੍ਰਤੀ ਲੀਟਰ ਕਰ ਦਿੱਤਾ ਗਿਆ ਹੈ । ਇਸ ਤੋਂ ਇਲਾਵਾ ਡੀਜ਼ਲ ‘ਤੇ 5 ਰੁਪਏ ਪ੍ਰਤੀ ਲੀਟਰ ਦਾ ਵਾਧੂ ਐਕਸਾਈਜ਼ ਟੈਕਸ ਅਤੇ ਪੈਟਰੋਲ ‘ਤੇ 2 ਰੁਪਏ ਪ੍ਰਤੀ ਲੀਟਰ ਦਾ ਐਕਸਾਈਜ਼ ਟੈਕਸ ਲਗਾਇਆ ਗਿਆ ਹੈ ।
ਉੱਥੇ ਹੀ ਦਿੱਲੀ ਸਰਕਾਰ ਨੇ ਵੀ ਡੀਜ਼ਲ ‘ਤੇ ਵੈਟ ਵਿੱਚ 7.1 ਰੁਪਏ ਅਤੇ ਪੈਟਰੋਲ ‘ਤੇ 1.6 ਰੁਪਏ ਦਾ ਵਾਧਾ ਕੀਤਾ ਹੈ । ਯਾਨੀ ਹੁਣ ਦਿੱਲੀ ਵਿੱਚ ਪੈਟਰੋਲ 71.26 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ, ਉਸ ‘ਤੇ ਜਨਤਾ 49.42 ਰੁਪਏ ਦਾ ਟੈਕਸ ਅਤੇ 69.39 ਰੁਪਏ ਪ੍ਰਤੀ ਲੀਟਰ ਵਿੱਕ ਰਹੇ ਡੀਜ਼ਲ ‘ਤੇ 48.09 ਰੁਪਏ ਦਾ ਟੈਕਸ ਦੇ ਰਹੀ ਹੈ । ਇੰਨਾ ਜ਼ਿਆਦਾ ਟੈਕਸ ਦੁਨੀਆਂ ਦੇ ਕਿਸੇ ਵੀ ਦੇਸ਼ ਵਿੱਚ ਨਹੀਂ ਹੈ ।
ਦੱਸ ਦੇਈਏ ਕਿ ਫਰਾਂਸ ਅਤੇ ਜਰਮਨੀ ਵਿੱਚ ਬਾਲਣ ਦੀ ਪ੍ਰਚੂਨ ਕੀਮਤ ‘ਤੇ ਟੈਕਸ 63 ਪ੍ਰਤੀਸ਼ਤ, ਇਟਲੀ ਵਿੱਚ 64 ਪ੍ਰਤੀਸ਼ਤ, ਬ੍ਰਿਟੇਨ ਵਿੱਚ 62 ਪ੍ਰਤੀਸ਼ਤ, ਸਪੇਨ ਵਿੱਚ 53 ਪ੍ਰਤੀਸ਼ਤ, ਜਪਾਨ ਵਿੱਚ 47 ਪ੍ਰਤੀਸ਼ਤ, ਕੈਨੇਡਾ ਵਿੱਚ 33 ਪ੍ਰਤੀਸ਼ਤ ਅਤੇ ਅਮਰੀਕਾ ਵਿੱਚ 19 ਪ੍ਰਤੀਸ਼ਤ ਲੱਗਦਾ ਹੈ । ਪਿਛਲੇ ਸਾਲ ਤੱਕ, ਭਾਰਤ ਵਿੱਚ ਡੀਜ਼ਲ ਅਤੇ ਪੈਟਰੋਲ ‘ਤੇ ਟੈਕਸ 50 ਪ੍ਰਤੀਸ਼ਤ ਤੱਕ ਸੀ । ਜ਼ਿਕਰਯੋਗ ਹੈ ਕਿ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ ਦੇ ਬਾਵਜੂਦ ਪੈਟਰੋਲ ਅਤੇ ਡੀਜ਼ਲ ਦੀਆਂ ਪ੍ਰਚੂਨ ਕੀਮਤਾਂ ਵਿੱਚ ਕੋਈ ਕਮੀ ਨਹੀਂ ਆਈ ਹੈ । ਪਿਛਲੇ ਪੂਰੇ ਮਹੀਨੇ ਵਿੱਚ ਦਿੱਲੀ ਵਿੱਚ ਪੈਟਰੋਲ ਦੀ ਕੀਮਤ 69.87 ਰੁਪਏ ਅਤੇ ਡੀਜ਼ਲ ਦੀ ਕੀਮਤ 62.58 ਰੁਪਏ ਰਹੀ ।