India lashes out at Pakistan : ਇਸਲਾਮਾਬਾਦ: ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ‘ਚ ਬੁੱਧਵਾਰ ਨੂੰ ਬੇਕਾਬੂ ਭੀੜ ਨੇ ਇਕ ਹਿੰਦੂ ਮੰਦਰ ‘ਚ ਭੰਨਤੋੜ ਕੀਤੀ ਅਤੇ ਅੱਗ ਲਾ ਦਿੱਤੀ। ਖੈਬਰ ਪਖਤੂਨਖਵਾ ਦੇ ਕਰਕ ਜ਼ਿਲੇ ਦੇ ਟੇਰਰੀ ਪਿੰਡ ਵਿਚ ਮੰਦਰ ਦਾ ਵਿਸਥਾਰ ਚੱਲ ਰਿਹਾ ਸੀ, ਜਿਸਦਾ ਵਿਰੋਧ ਕੀਤਾ ਜਾ ਰਿਹਾ ਸੀ।
ਪਾਕਿਸਤਾਨ ਨੂੰ ਭਾਰਤ ‘ਚ ਹਿੰਦੂ ਮੰਦਰ ਨੂੰ ਢਾਹੁਣ ਨੂੰ ਲੈ ਕੇ ਭਾਰਤ ਨੇ ਪਾਕਿਸਤਾਨ ਖਿਲਾਫ ਜ਼ੋਰਦਾਰ ਵਿਰੋਧ ਕੀਤਾ ਹੈ ਅਤੇ ਪਾਕਿਸਤਾਨ ਨੂੰ ਖੂਬ ਝਾੜ ਪਾਈ ਹੈ। ਭਾਰਤ ਨੇ ਡਿਪਲੋਮੇਟਿਕ ਚੈਨਲ ਰਾਹੀਂ ਵੀਰਵਾਰ ਨੂੰ ਇਸ ਦੇ ਖਿਲਾਫ ਆਪਣਾ ਵਿਰੋਧ ਦਰਜ ਕਰਾਇਆ ਹੈ। ਸਥਾਨਕ ਅਧਿਕਾਰੀਆਂ ਦੁਆਰਾ ਇਸ ਘਟਨਾ ਦੇ ਸੰਬੰਧ ਵਿੱਚ ਕਈ ਗ੍ਰਿਫਤਾਰੀ ਕੀਤੀਆਂ ਗਈਆਂ ਹਨ। ਇਸ ਦੇ ਨਾਲ ਹੀ ਪਾਕਿਸਤਾਨੀ ਸੁਪਰੀਮ ਕੋਰਟ ਨੇ ਵੀ ਇਸ ਦਾ ਨੋਟਿਸ ਲਿਆ ਹੈ। ਅਦਾਲਤ ਇਸ ਮਾਮਲੇ ਦੀ ਸੁਣਵਾਈ 5 ਜਨਵਰੀ ਨੂੰ ਕਰੇਗੀ। ਚੀਫ਼ ਜਸਟਿਸ ਅਹਿਮਦ ਨੇ ਘੱਟਗਿਣਤੀ ਅਧਿਕਾਰ ਕਮਿਸ਼ਨ ਦੇ ਚੇਅਰਮੈਨ, ਪੁਲਿਸ ਮੁਖੀ ਅਤੇ ਪ੍ਰਾਂਤ ਦੇ ਮੁੱਖ ਸਕੱਤਰ ਨੂੰ 4 ਜਨਵਰੀ ਤੱਕ ਰਿਪੋਰਟ ਸੌਂਪਣ ਦੀਆਂ ਹਿਦਾਇਤਾਂ ਦਿੱਤੀਆਂ ਗਈਆਂ ਹਨ।
ਦੱਸਣਯੋਗ ਹੈ ਕਿ ਖੈਬਰ ਪਖਤੂਨਖਵਾ ਵਿੱਚ ਸਥਿਤ ਇਸ ਮੰਦਰ ਵਿੱਚ ਭੰਨਤੋੜ ਦਾ ਇਹ ਪਹਿਲਾ ਮਾਮਲਾ ਨਹੀਂ ਹੈ, ਇਸ ਤੋਂ ਪਹਿਲਾਂ 1997 ਵਿਚ ਇਥੇ ਹਮਲਾ ਹੋਇਆ ਸੀ ਅਤੇ ਬਾਅਦ ਵਿਚ 2015 ਵਿਚ ਮੰਦਰ ਨੂੰ ਦੁਬਾਰਾ ਬਣਾਇਆ ਗਿਆ ਸੀ। ਦੱਸ ਦਈਏ ਕਿ ਹਿੰਦੂ ਪਾਕਿਸਤਾਨ ਦਾ ਸਭ ਤੋਂ ਵੱਡਾ ਘੱਟ ਗਿਣਤੀ ਭਾਈਚਾਰਾ ਹੈ। ਸਰਕਾਰੀ ਅੰਕੜਿਆਂ ਦੇ ਅਨੁਸਾਰ, ਇੱਥੇ ਲਗਭਗ 75 ਲੱਖ ਹਿੰਦੂ ਰਹਿੰਦੇ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਸਿੰਧ ਪ੍ਰਾਂਤ ਵਿੱਚ ਹਨ। ਸਿੰਧ ਵਿਚ ਘੱਟਗਿਣਤੀ ਭਾਈਚਾਰਿਆਂ ਵਿਰੁੱਧ ਹਿੰਸਾ ਦੀਆਂ ਖ਼ਬਰਾਂ ਅਕਸਰ ਸੁਣਨ ਵਿੱਚ ਆਉਂਦੀਆਂ ਰਹਿੰਦੀਆਂ ਹਨ।