ਫਿਰੋਜ਼ਪੁਰ ਦੇ ਤਾਰਾ ਵਾਲੀ ਪਿੰਡ ਦੇ ਰਹਿਣ ਵਾਲੇ ਸ਼ਰਵਣ ਸਿੰਘ ਲਈ ਭਾਰਤੀ ਫੌਜ ਨੇ ਵੱਡਾ ਐਲਾਨ ਕੀਤਾ ਹੈ। 10 ਸਾਲਾ ਸ਼ਰਵਣ ਸਿੰਘ ਦੀ ਹਿੰਮਤ ਤੇ ਦੇਸ਼ ਭਗਤੀ ਨੇ ਭਾਰਤੀ ਫੌਜ ਦਾ ਦਿਲ ਜਿੱਤਿਆ ਹੈ। ‘ਆਪ੍ਰੇਸ਼ਨ ਸਿੰਦੂਰ’ ਦੌਰਾਨ ਸ਼ਰਵਣ ਸਿੰਘ ਫੌਜੀ ਜਵਾਨਾਂ ਦੀ ਸੇਵਾ ਕਰਦਾ ਸੀ । ਉਹ ਜੰਗ ‘ਚ ਡਟੇ ਫੌਜੀਆਂ ਦੇ ਖਾਣ-ਪੀਣ ਦਾ ਪ੍ਰਬੰਧ ਕਰਦਾ ਸੀ।
ਸ਼ਰਵਣ ਸਿੰਘ ਦੇ ਇਸੇ ਹਿੰਮਤ ਤੇ ਉਤਸ਼ਾਹ ਨੂੰ ਦੇਖਦੇ ਹੋਏ ਭਾਰਤੀ ਫੌਜ ਦੀ ਗੋਲਡਨ ਐਰੋ ਡਿਵੀਜ਼ਨ ਉਸ ਦੀ ਪੜ੍ਹਾਈ ਦਾ ਸਾਰਾ ਖਰਚਾ ਚੁੱਕਣ ਦਾ ਵਾਅਦਾ ਕੀਤਾ ਹੈ। ਭਾਰਤੀ ਫੌਜ ਵੱਲੋਂ ਸ਼ਰਵਣ ਸਿੰਘ ਦੇ ਦਾਖਲੇ ਤੋਂ ਲੈ ਕੇ ਹਰ ਸਕੂਲੀ ਲੋੜ ਪੂਰੀ ਕੀਤੀ ਜਾਵੇਗੀ। ਬੀਤੇ ਦਿਨੀਂ ਫਿਰੋਜ਼ਪੁਰ ਵਿਖੇ ਇਕ ਸਮਾਗਮ ਦੌਰਾਨ ਪੱਛਮੀ ਕਮਾਂਡ ਦੇ ਜਨਰਲ ਅਫਸਰ ਕਮਾਂਡਿੰਗ-ਇਨ-ਚੀਫ਼ ਲੈਫਟੀਨੈਂਟ ਜਨਰਲ ਮਨੋਜ ਕੁਮਾਰ ਕਟਿਆਰ ਨੇ ਵੀ ਸ਼ਰਵਣ ਸਿੰਘ ਨੂੰ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ‘ਆਪ੍ਰੇਸ਼ਨ ਸਿੰਦੂਰ’ ਦੌਰਾਨ ਗੋਲੀਬਾਰੀ ਹੋਈ ਸੀ ਤਾਂ ਉਸ ਸਮੇਂ ਸ਼ਰਵਣ ਸਿੰਘ ਪਿੰਡ ਵਿਚ ਤਾਇਨਾਤ ਫੌਜੀਆਂ ਲਈ ਪਾਣੀ, ਬਰਫ, ਚਾਹ, ਦੁੱਧ ਤੇ ਲੱਸੀ ਲੈ ਕੇ ਜਾਂਦਾ ਸੀ।
ਇਹ ਵੀ ਪੜ੍ਹੋ : ਪੰਜਾਬ ‘ਚ 2 ਦਿਨ ਲਈ ਭਾਰੀ ਮੀਂਹ ਦੀ ਚੇਤਾਵਨੀ, 12 ਜ਼ਿਲ੍ਹਿਆਂ ‘ਚ ਯੈਲੋ ਤੇ 5 ਜ਼ਿਲ੍ਹਿਆਂ ਲਈ ਓਰੇਂਜ ਅਲਰਟ ਜਾਰੀ
ਜ਼ਿਕਰਯੋਗ ਹੈ ਕਿ ਸ਼ਰਵਣ ਸਿੰਘ ਵੱਡਾ ਹੋ ਕੇ ਫੌਜੀ ਬਣਨਾ ਚਾਹੁੰਦਾ ਹੈ। ਮਮਦੋਟ ਦੇ ਪਿੰਡ ਤਾਰਾਂਵਾਲੀ ਦੇ ਰਹਿਣ ਵਾਲੇ ਸ਼ਰਵਣ ਸਿੰਘ ਨੇ ਕਿਹਾ ਕਿ ਮੈਂ ਫੌਜ ਵਿਚ ਭਰਤੀ ਹੋਣਾ ਚਾਹੁੰਦਾ ਹਾਂ ਤੇ ਦੇਸ਼ ਦੀ ਸੇਵਾ ਕਰਨਾ ਚਾਹੁੰਦਾ ਹਾਂ। ਫੌਜ ਨੇ ਕਿਹਾ ਕਿ ਸਰਵਣ ਦੀ ਕਹਾਣੀ ਦੇਸ਼ ਭਰ ਦੇ ਉਨ੍ਹਾਂ ‘ਨਾਇਕਾਂ’ ਦੀ ਯਾਦ ਦਿਵਾਉਂਦੀ ਹੈ ਜੋ ਸਤਿਕਾਰ ਤੇ ਸਮਰਥਨ ਦੇ ਹੱਕਦਾਰ ਹਨ। ਸ਼ਰਵਣ ਸਿੰਘ ਦੇ ਪਿਤਾ ਨੇ ਦੱਸਿਆ ਕਿ ‘ਆਪ੍ਰੇਸ਼ਨ ਸਿੰਦੂਰ’ ਵੇਲੇ ਬਹੁਤ ਹੀ ਤਣਾਅਪੂਰਨ ਮਾਹੌਲ ਸੀ ਪਰ ਸ਼ਰਵਣ ਨੇ ਬਿਨਾਂ ਕਿਸੇ ਡਰ ਤੋਂ ਆਪਣੀ ਮਰਜ਼ੀ ਨਾਲ ਸੈਨਿਕਾਂ ਦੀ ਸੇਵਾ ਕੀਤੀ। ਉਹ ਹਰ ਰੋਜ਼ ਉਨ੍ਹਾਂ ਲਈ ਦੁੱਧ, ਲੱਸੀ ਤੇ ਠੰਡਾ ਪਾਣੀ ਲੈ ਕੇ ਜਾਂਦਾ ਸੀ। ਤਣਾਅਪੂਰਨ ਹਾਲਾਤਾਂ ਦੇ ਬਾਵਜੂਦ ਸ਼ਰਵਣ ਸਿੰਘ ਬਿਲਕੁਲ ਨਹੀਂ ਡਰਿਆ।
ਵੀਡੀਓ ਲਈ ਕਲਿੱਕ ਕਰੋ -:
























