Indian Railways cancels train tickets: ਨਵੀਂ ਦਿੱਲੀ: ਕੋਰੋਨਾ ਵਾਇਰਸ ਮਹਾਂਸੰਕਟ ਵਿਚਕਾਰ ਰੇਲ ਸੇਵਾ ਇੱਕ ਵਾਰ ਫਿਰ ਤੋਂ ਸ਼ੁਰੂ ਹੋ ਗਈ ਹੈ। ਪਰ ਇਸ ਸਮੇਂ ਲੇਬਰ ਅਤੇ ਕੁਝ ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਜਾ ਰਹੀਆਂ ਹਨ। ਇਸੇ ਵਿਚਾਲੇ ਭਾਰਤੀ ਰੇਲਵੇ ਨੇ 30 ਜੂਨ ਤੱਕ ਦੀਆਂ ਸਾਰੀਆਂ ਟਿਕਟਾਂ ਨੂੰ ਰੱਦ ਕਰ ਦਿੱਤਾ ਹੈ ਤੇ ਨਾਲ ਹੀ ਇਨ੍ਹਾਂ ਟਿਕਟਾਂ ਦਾ ਪੈਸੇ ਵੀ ਰਿਫੰਡ ਕਰ ਦਿੱਤਾ ਹੈ। ਹਾਲਾਂਕਿ, ਇਸ ਨਾਲ ਲੇਬਰ ਅਤੇ ਵਿਸ਼ੇਸ਼ ਰੇਲ ਗੱਡੀਆਂ ‘ਤੇ ਕੋਈ ਅਸਰ ਨਹੀਂ ਹੋਵੇਗਾ ਅਤੇ ਉਹ ਜਾਰੀ ਰਹਿਣਗੀਆਂ।
ਦਰਅਸਲ, ਦੇਸ਼ ਵਿੱਚ ਲਾਗੂ ਲਾਕਡਾਊਨ ਕਾਰਨ ਰੇਲ ਸੇਵਾਵਾਂ ਲਗਭਗ ਦੋ ਮਹੀਨਿਆਂ ਤੋਂ ਪੂਰੀ ਤਰ੍ਹਾਂ ਠੱਪ ਪਈਆਂ ਹਨ, ਅਜਿਹੀ ਸਥਿਤੀ ਵਿੱਚ ਉਨ੍ਹਾਂ ਲੋਕਾਂ ਦੀਆਂ ਟਿਕਟਾਂ ਰੱਦ ਕਰ ਦਿੱਤੀਆਂ ਗਈਆਂ ਹਨ ਜਿਨ੍ਹਾਂ ਨੇ ਪਹਿਲਾਂ ਹੀ ਟਿਕਟਾਂ ਬੁੱਕ ਕਰ ਲਈਆਂ ਸਨ। ਭਾਰਤੀ ਰੇਲਵੇ ਨੇ 30 ਜੂਨ ਤੱਕ ਬੁਕਿੰਗ ਰੱਦ ਕਰ ਦਿੱਤੀ ਹੈ ਅਤੇ ਗਾਹਕਾਂ ਨੂੰ ਸਾਰੀਆਂ ਟਿਕਟਾਂ ਦਾ ਰਿਫੰਡ ਵੀ ਦੇ ਦਿੱਤਾ ਹੈ.
ਜ਼ਿਕਰਯੋਗ ਹੈ ਕਿ ਰੇਲਵੇ ਨੇ ਪਹਿਲਾਂ 17 ਮਈ ਤੱਕ ਟ੍ਰੇਨਾਂ ਦੀਆਂ ਟਿਕਟਾਂ ਰੱਦ ਕਰ ਦਿੱਤੀਆਂ ਸਨ। ਹੁਣ ਰੇਲਵੇ ਨੇ 30 ਜੂਨ ਤੱਕ ਸਾਰੀਆਂ ਟਿਕਟਾਂ ਰੱਦ ਕਰਨ ਦਾ ਐਲਾਨ ਕੀਤਾ ਹੈ। ਦਰਅਸਲ, ਦੇਸ਼ ਵਿੱਚ ਲਾਗੂ ਲਾਕਡਾਊਨ ਦਾ ਤੀਜਾ ਪੜਾਅ 17 ਮਈ ਨੂੰ ਖਤਮ ਹੋਣ ਵਾਲਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 12 ਮਈ ਨੂੰ ਦੇਸ਼ ਦੇ ਨਾਮ ‘ਤੇ ਸੰਬੋਧਨ ਕਰਦਿਆਂ ਲਾਕਡਾਊਨ ਦੇ ਚੌਥੇ ਪੜਾਅ ਦਾ ਸੰਕੇਤ ਵੀ ਦਿੱਤਾ ਹੈ । ਜਿਸ ਤੋਂ ਬਾਅਦ ਲਾਕਡਾਊਨ-4 18 ਮਈ ਤੋਂ ਸ਼ੁਰੂ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਦੱਸ ਦੇਈਏ ਕਿ 12 ਮਈ ਤੋਂ ਭਾਰਤੀ ਰੇਲਵੇ ਨੇ 15 ਵਿਸ਼ੇਸ਼ ਟ੍ਰੇਨਾਂ ਚਲਾਉਣ ਦਾ ਫੈਸਲਾ ਕੀਤਾ ਹੈ, ਜੋ ਰਾਜਧਾਨੀ ਦਿੱਲੀ ਤੋਂ ਦੇਸ਼ ਦੇ ਹੋਰ 15 ਸ਼ਹਿਰਾਂ ਨੂੰ ਜੋੜਨਗੀਆਂ । ਇਹ ਟ੍ਰੇਨਾਂ ਜੋੜੀ ਦੇ ਅਨੁਸਾਰ ਚੱਲਣਗੀਆਂ, ਯਾਨੀ ਕਿ ਦਿੱਲੀ ਤੋਂ ਵਾਪਸੀ ਦਾ ਪ੍ਰਬੰਧ ਵੀ ਹੋਵੇਗਾ।