IndiGo Airlines launches new flight : ਚੰਡੀਗੜ੍ਹ: ਇੰਡੀਗੋ ਏਅਰਲਾਈਨਸ ਨੇ ਚੰਡੀਗੜ੍ਹ ਅਤੇ ਪੁਣੇ ਵਿਚਾਲੇ ਨਵੀਂ ਫਲਾਈਟ ਸ਼ੁਰੂ ਕੀਤੀ ਹੈ। ਦੱਸਣਯੋਗ ਹੈ ਕਿ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਤੋਂ ਪੁਣੇ ਲਈ ਇਹ ਦੂਸਰੀ ਸਿੱਧੀ ਫਲਾਈਟ ਹੈ। ਇਸ ਤੋਂ ਪਹਿਲਾਂ ਏਅਰ ਇੰਡੀਆ ਦੀ ਪੁਣੇ ਅਤੇ ਚੰਡੀਗੜ੍ਹ ਵਿਚ ਸਿੱਧੀ ਫਲਾਈਟ ਸੀ। ਸ਼ੁੱਕਰਵਾਰ ਨੂੰ ਸ਼ੁਰੂ ਹੋਈ ਇਸ ਫਲਾਈਟ ਦੇ ਪਹਿਲੇ ਦਿਨ 98 ਮੁਸਾਫਰ ਪੁਣੇ ਤੋਂ ਚੰਡੀਗੜ੍ਹ ਪਹੁੰਚੇ, ਉਥੇ 52 ਮੁਸਾਫਰਾਂ ਨੇ ਚੰਡੀਗੜ੍ਹ ਤੋਂ ਪੁਣੇ ਲਈ ਫਲਾਈਟ ਲਈ। ਮੁਸਾਫਰਾਂ ਨੇ ਇਸ ਫਲਾਈਟ ਦੇ ਸ਼ੁਰੂ ਹੋਣ ’ਤੇ ਖੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ ਇਸ ਨਾਲ ਕਈ ਬਦਲ ਵਧੇ ਹਨ, ਕਨੈਕਟੀਵਿਟੀ ਵਧੇਗੀ ਤਾਂ ਯਕੀਨਨ ਹਰ ਖੇਤਰ ਨੂੰ ਇਸ ਦਾ ਫਾਇਦਾ ਹੋਵੇਗਾ।
ਇੰਡੀਗੋ ਏਅਰਲਾਈਨਸ ਵੱਲੋਂ ਚਲਾਈ ਗਈ ਚੰਡੀਗੜ੍ਹ-ਪੁਣੇ ਇਹ ਨਵੀਂ ਫਲਾਈਟ ਹਫਤੇ ਵਿਚ ਤਿੰਨ ਦਿਨ ਚੱਲੇਗੀ। ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਉਡਾਨ ਭਰੇਗੀ। ਇੰਟਰਨੈਸ਼ਨਲ ਏਅਰਪੋਰਟ ਦੇ ਪਬਲਿਕ ਰਿਲੇਸ਼ਨ ਆਫੀਸਰ ਪ੍ਰਿੰਸ ਨੇ ਦੱਸਿਆ ਕਿ ਇਹ ਫਲਾਈਟ ਚੰਡੀਗੜ੍ਹ ਤੋਂ ਦੁਪਹਿਰ ਦੋ ਵਜੇ ਉਡਾਨ ਭਰੇਗੀ ਅਤੇ ਪੁਣੇ ਸ਼ਾਮ 4.30 ਵਜੇ ਪਹੁੰਚ ਜਾਏਗੀ।
ਪੁਣੇ ਤੋਂ ਸ਼ਾਮ ਪੰਜ ਵਜੇ ਉਡਾਨ ਭਰੇਗੀ ਅਤੇ ਚੰਡੀਗੜ੍ਹ ਰਾਤ 7.35 ਵਜੇ ਪਹੁੰਚ ਜਾਏਗੀ। ਚੰਡੀਗੜ੍ਹ ਤੋਂ ਪੁਣੇ ਜਾਣ ਵਿਚ ਇਹ ਫਲਾਈਟ ਦੋ ਘੰਟੇ 30 ਮਿੰਟ ਦਾ ਸਮਾਂ ਲਵੇਗੀ, ਜਦਕਿ ਪੁਣੇ ਤੋਂ ਚੰਡੀਗੜ੍ਹ ਆਉਣ ਵਿਚ ਦੋ ਘੰਟੇ 35 ਮਿੰਟ ਦਾ ਸਮਾਂ ਲਵੇਗੀ। ਚੰਡੀਗੜ੍ਹ ਤੋਂ ਪੁਣੇ ਦਰਮਿਆਨ ਸਫਰ ਕਰਨ ਲਈ ਪੈਸੇਂਜਰਾਂ ਨੂੰ ਵੱਧ ਰੁਪਏ ਖਰਚਾ ਕਰਨ ਦੀ ਲੋੜ ਨਹੀਂ ਹੈ। ਇਸ ਦੀ ਸ਼ੁਰੂਆਤੀ ਕੀਮਤ 6702 ਰੁਪਏ ਹੈ।