IndiGo announces salary cuts: ਮੁੰਬਈ: ਕੋਰੋਨਾ ਵਾਇਰਸ ਕਾਰਨ ਸਾਰੀਆਂ ਏਅਰਲਾਈਨ ਦੀਆਂ ਉਡਾਣਾਂ ‘ਤੇ ਰੋਕ ਵਿਚਾਲੇ ਦੇਸ਼ ਦੀ ਸਭ ਤੋਂ ਵੱਡੀ ਹਵਾਈ ਸੇਵਾ ਪ੍ਰਦਾਨ ਕਰਨ ਵਾਲੀ ਕੰਪਨੀ ਇੰਡੀਗੋ ਏਅਰਲਾਈਨ ਨੇ ਮਈ ਵਿੱਚ ਸੈਲਰੀ ਕਟੌਤੀ ਤੋਂ ਇਲਾਵਾ ਜੁਲਾਈ ਤੱਕ ਲੀਵ ਵਿਦਆਊਟ ਪੇ ਦਾ ਐਲਾਨ ਕੀਤਾ ਹੈ । ਜਿਸ ਨਾਲ ਏਅਰਲਾਈਨ ਦੇ ਕਰਮਚਾਰੀਆਂ ਨੂੰ ਕਰਾਰਾ ਝਟਕਾ ਲੱਗਿਆ ਹੈ । ਦੇਸ਼ ਦੀ ਸਭ ਤੋਂ ਵੱਡੀ ਘਰੇਲੂ ਏਅਰਲਾਈਨ ਕੰਪਨੀ ਇੰਡੀਗੋ ਨੇ ਸ਼ਨੀਵਾਰ ਨੂੰ ਸਪੱਸ਼ਟ ਕੀਤਾ ਹੈ ਕਿ ਉਸਦੇ ਸੀਨੀਅਰ ਕਰਮਚਾਰੀਆਂ ਦੀ ਤਨਖਾਹ ਵਿਚ 25 ਫੀਸਦੀ ਦੀ ਕਟੌਤੀ ਪੂਰੇ ਵਿੱਤੀ ਸਾਲ 2020-21 ਲਈ ਲਾਗੂ ਹੋਵੇਗੀ । ਕੰਪਨੀ ਨੇ ਕਿਹਾ ਹੈ ਕਿ ਇਨ੍ਹਾਂ ਕਰਮਚਾਰੀਆਂ ਦੀ ਮੁੱਢਲੀ ਤਨਖਾਹ ਬਹਾਲ ਕਰਨ ਦਾ ਫੈਸਲਾ ਵਿੱਤੀ ਸਾਲ ਦੇ ਅੰਤ ਵਿੱਚ ਲਿਆ ਜਾਵੇਗਾ ।
ਇਸ ਸਬੰਧੀ ਕਰਮਚਾਰੀਆਂ ਨੂੰ ਭੇਜੇ ਇੱਕ ਪੱਤਰ ਵਿੱਚ ਕੰਪਨੀ ਦੇ ਸੀ.ਈ.ਓ. ਰੰਜੇ ਦੱਤਾ ਨੇ ਕਿਹਾ ਅਸੀਂ ਮਾਰਚ ਅਤੇ ਅਪ੍ਰੈਲ ਵਿੱਚ ਕਰਮਚਾਰੀਆਂ ਲਈ ਪੂਰੀ ਤਨਖਾਹ ਅਦਾ ਕੀਤੀ ਸੀ, ਪਰ ਮੈਨੂੰ ਇਹ ਕਹਿ ਕੇ ਦੁੱਖ ਹੈ ਕਿ ਹੁਣ ਮਈ 2020 ਦੀ ਤਨਖਾਹ ਵਿੱਚ ਕਟੌਤੀ ਤੋਂ ਇਲਾਵਾ ਸਾਡੇ ਕੋਲ ਕੋਈ ਵਿਕਲਪ ਨਹੀਂ ਬਚਿਆ ਹੈ । ਇਸ ਤੋਂ ਬਾਅਦ ਸ਼ੁੱਕਰਵਾਰ ਰਾਤ ਨੂੰ ਭੇਜੇ ਈ-ਮੇਲ ਵਿੱਚ ਏਅਰਲਾਈਨ ਦੇ ਕਰਮਚਾਰੀਆਂ ਨੂੰ ਸਪੱਸ਼ਟ ਕੀਤਾ ਕਿ ਇਹ ਤਨਖਾਹ ਕਟੌਤੀ ਪੂਰੇ ਵਿੱਤੀ ਸਾਲ 2020-21 ਲਈ ਹੋਵੇਗੀ ।
ਦੱਤਾ ਨੇ ਕਿਹਾ, “ਇਸ ਤੋਂ ਇਲਾਵਾ ਮੈਂ ਇਹ ਕਹਿੰਦੇ ਹੋਏ ਦੁਖ ਹੋ ਰਿਹਾ ਹੈ ਕਿ ਅਸੀਂ ਮਈ, ਜੂਨ ਅਤੇ ਜੁਲਾਈ ਦੇ ਮਹੀਨਿਆਂ ਦੀ ਤਨਖਾਹ ਤੋਂ ਬਿਨਾਂ ਸੀਮਤ, ਗਰੇਡਡ ਛੁੱਟੀ ਲਈ ਵੀ ਕਦਮ ਚੁੱਕ ਰਹੇ ਹਾਂ । ਉਨ੍ਹਾਂ ਕਿਹਾ ਕਿ ਤਨਖਾਹ ਤੋਂ ਬਿਨ੍ਹਾਂ ਛੁੱਟੀ 1.5 ਤੋਂ 5 ਦਿਨ ਹੋਵੇਗੀ ਅਤੇ ਇਹ ਲੈਵਲ ਏ ਜਾਂ ਹੇਠਲੇ ਪੱਧਰ ਦੇ ਕਰਮਚਾਰੀਆਂ ਲਈ ਲਾਗੂ ਨਹੀਂ ਹੋਵੇਗੀ । ਸੂਤਰਾਂ ਨੇ ਦੱਸਿਆ ਕਿ ਕੰਪਨੀ ਵਿੱਚ ਏ ਲੈਵਲ ਦੇ ਕਰਮਚਾਰੀਆਂ ਦੀ ਗਿਣਤੀ ਕੰਪਨੀ ਵਿੱਚ ਕੰਮ ਕਰ ਰਹੇ ਕੁਲ ਮੁਲਾਜ਼ਮਾਂ ਵਿਚੋਂ 40% ਹੈ ਅਤੇ ਇਹ ਗਿਣਤੀ 27 ਹਜ਼ਾਰ ਹੈ ।