Instructed the police officers : ਸੂਬੇ ਵਿਚ ਲੱਗੇ ਲੌਕਡਾਊਨ ਤੋਂ ਬਾਅਦ ਖੁੱਲ੍ਹੇ ਦਫਤਰਾਂ ਵਿਚ ਕਈ ਪੁਲਿਸ ਮੁਲਾਜ਼ਮਾਂ ਅਤੇ ਅਫਸਰਾਂ ਦੇ ਦਫਤਰਾਂ ਵਿਚ ਦੇਰ ਨਾਲ ਆਉਣ ਦੇ ਕਈ ਮਾਮਲੇ ਸਾਹਮਣੇ ਆਏ ਹਨ, ਜਿਸ ’ਤੇ ਪੰਜਾਬ ਦੇ ਡੀ ਜੀ ਪੀ ਨੇ ਪੰਜਾਬ ਪੁਲਿਸ ਹੈਡਕੁਆਰਟਰ ਸੈਕਟਰ-9 ਚੰਡੀਗੜ੍ਹ ਅਤੇ ਚੰਡੀਗੜ੍ਹ ਤੇ ਮੁਹਾਲੀ ਵਿਚਲੇ ਸੂਬਾ ਪੱਧਰ ਦੇ ਦਫਤਰਾਂ ਵਿਚ ਤਾਇਨਾਤ ਪੁਲਿਸ ਅਫਸਰਾਂ ਤੇ ਮੁਲਾਜ਼ਮਾਂ ਨੂੰ ਸਮੇਂ ਸਿਰ ਦਫਤਰ ਪੁੱਜਣ ਦੀ ਹਿਦਾਇਤ ਦਿੱਤੀ ਗਈ ਹੈ। ਇਸ ਸਬੰਧੀ ਵੱਖ-ਵੱਖ ਵਿੰਗਾਂ ਦੇ ਮੁਖੀਆਂ ਨੂੰ ਪੱਤਰ ਲਖੇ ਗਏ ਹਨ, ਜਿਸ ਵਿਚ ਡੀ ਜੀ ਪੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹਦਾਇਤ ਦਿੱਤੀ ਗਈ ਹੈ ਕਿ ਸੂਬੇ ਵਿਚ ਸਾਰੇ ਸਰਕਾਰੀ ਦਫਤਰ ਸਾਰੇ ਕੰਮਕਾਜ ਵਾਲੇ ਦਿਨਾਂ ਨੂੰ ਸਵੇਰੇ 9.00 ਤੋਂ ਸ਼ਾਮ 5.00 ਵਜੇ ਤੱਕ ਖੁਲ੍ਹੇ ਰਹਿਣਗੇ।
ਉਹਨਾਂ ਕਿਹਾ ਕਿ ਵੇਖਣ ਵਿਚ ਆਇਆ ਹੈ ਕਿ ਕੁਝ ਅਫਸਰ ਤੇ ਹੋਰ ਪੁਲਿਸ ਮੁਲਾਜ਼ਮ ਰਾਜ ਸਰਕਾਰ ਦੇ ਹੁਕਮਾਂ ਅਨੁਸਾਰ ਦਫਤਰਾਂ ਵਿਚ ਨਹੀਂ ਆ ਰਹੇ। ਕਈ ਅਫਸਰ ਤਾਂ ਲੇਟ ਆਉਂਦੇ ਪਾਏ ਗਏ ਹਨ ਜੋ ਸਹੀ ਨਹੀਂ ਹੈ ਖਾਸ ਤੌਰ ‘ਤੇ ਉਦੋਂ ਜਦੋਂ ਕਰਫਿਊ ਤੇ ਲਾਕ ਡਾਊਨ ਕਾਰਨ ਦਫਤਰ ਲੰਬਾ ਸਮਾਂ ਬੰਦ ਰਹਿਣ ਮਗਰੋਂ ਖੁਲ੍ਹੇ ਹਨ ਤੇ ਸਰਕਾਰ ਦਾ ਕੰਮਕਾਜ ਬਹੁਤ ਪ੍ਰਭਾਵਤ ਹੋਇਆ ਹੈ। ਉਹਨਾਂ ਕਿਹਾ ਕਿ ਜੇਕਰ ਕੋਈ ਅਫਸਰ ਜਾਂ ਅਧਿਕਾਰੀ ਕਿਸੇ ਅਚਨਚੇਤ ਐਮਰਜੰਸੀ ਕਾਰਨ ਨਹੀਂ ਆ ਸਕਦਾ ਤਾਂ ਫਿਰ ਕੈਜ਼ੁਅਲ ਲੀਵ ਲਈ ਜਾਵੇ। ਬਿਨਾਂ ਦਫਤਰੀ ਕੰਮਕਾਜ ਦੇ ਦਫਤਰ ਵਿਚੋਂ ਥੋੜ੍ਹੇ ਥੋੜ੍ਹੇ ਸਮੇਂ ਲਈ ਗਾਇਬ ਰਹਿਣਾ ਵਾਜਿਬ ਨਹੀਂ ਤੇ ਅਜਿਹੀ ਛੁੱਟੀ ਸਿਰਫ ਜ਼ਰੂਰੀ ਤੇ ਜਾਇਜ਼ ਆਧਾਰ ‘ਤੇ ਵਿੰਗ ਦੇ ਮੁਖੀ ਤੋਂ ਪ੍ਰਵਾਨਤ ਕਰਵਾਈ ਜਾਵੇ।