Instructions to work with : ਚੰਡੀਗੜ੍ਹ : ਕੋਰੋਨਾ ਮਹਾਮਾਰੀ ਸੰਕਟ ਚੱਲਦਿਆਂ ਪੰਜਾਬ ਸਰਕਾਰ ਵੱਲੋਂ ਆਮ ਜਨਤਾ ਦੇ ਨਾਲ ਸੂਬੇ ਦੇ ਸਰਕਾਰੀ ਦਫਤਰਾਂ ਨੂੰ ਸੁਰੱਖਿਅਤ ਢੰਗ ਨਾਲ ਚਲਾਉਣ ਦੀਆਂ ਹਿਦਾਇਤਾਂ ਲਗਾਤਾਰ ਦਿੱਤੀਆਂ ਜਾ ਰਹੀਆਂ ਹਨ। ਇਸੇ ਦੇ ਚੱਲਦਿਆਂ ਪੰਜਾਬ ਪੁਲਿਸ ਵੱਲੋਂ ਦਫਤਰਾਂ ਅੰਦਰ ਅੱਧਾ ਸਟਾਫ ਬੁਲਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ ਤਾਂ ਜੋ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਂਦੇ ਹੋਏ ਇਸ ਬੀਮਾਰੀ ਤੋਂ ਬਚਾਅ ਰਖਿਆ ਜਾ ਸਕੇ। ਡੀਜੀਪੀ ਵੱਲੋਂ ਜਾਰੀ ਹੁਕਮਾਂ ਵਿਚ ਕਿਹਾ ਗਿਆ ਹੈ ਦਫਤਰਾਂ ਵਿਚ ਕੰਮ ਕਰਨ ਲਈ 50 ਫੀਸਦੀ ਸਟਾਫ ਹੀ ਬੁਲਾਇਆ ਜਾਵੇਗਾ। ਹਾਲਾਂਕਿ ਇਸ ਨਾਲ ਕੰਮ ਦੇ ਪ੍ਰਭਾਵਿਤ ਨਾ ਹੋਣ ਨੂੰ ਯਕੀਨੀ ਬਣਾਉਣ ਦੀਆਂ ਵੀ ਹਿਦਾਇਤਾਂ ਦਿੱਤੀਆਂ ਗਈਆਂ ਹਨ।
ਸਾਰੇ ਦਫਤਰਾਂ ਦੇ ਮੁਖੀਆਂ ਨੂੰ ਆਪਣੇ ਪੱਧਰ ’ਤੇ ਪੰਜਾਬ ਸਰਕਾਰ ਦੀਆਂ ਹਿਦਾਇਤਾਂ ਨੂੰ ਲਾਗੂ ਕਰਨ, ਸਟਾਫ ਦੀ ਸਮਰੱਥਾ ਮੁਤਾਬਕ ਉਨ੍ਹਾਂ ਨੂੰ ਬੁਲਾਉਣ ਤੇ ਭੇਜਣ ਦੇ ਸਮੇਂ ਆਦਿ ਦਾ ਫੈਸਲਾ ਲੈਣ ਲਈ ਕਿਹਾ ਗਿਆ ਹੈ। ਇਸ ਦੇ ਨਾਲ ਹੀ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਦਫਤਰ ਵਿਚ ਕੰਮ ਮੁਤਾਬਕ 50 ਫੀਸਦੀ ਤੋਂ ਘੱਟ ਜਾਂ ਵੱਧ ਸਟਾਫ ਬੁਲਾਉਣ ਲਈ ਵੀ ਲੋੜੀਂਦਾ ਫੈਸਲਾ ਲਿਆ ਜਾ ਸਕਦਾ ਹੈ। ਦੱਸਣਯੋਗ ਹੈ ਕਿ ਕੋਰੋਨਾ ਵਾਇਰਸ ਦੇ ਮਾਮਲੇ ਪੰਜਾਬ ਵਿਚ ਲਗਾਤਾਰ ਵਧ ਰਹੇ ਹਨ। ਪੁਲਿਸ ਮੁਲਾਜ਼ਮਾਂ, ਉੱਚ ਅਧਿਕਾਰੀਆਂ ਤੇ ਮੰਤਰੀਆਂ ਆਦਿ ਦੇ ਕੋਰੋਨਾ ਪਾਜ਼ੀਟਿਵ ਹੋਣ ਦੀਆਂ ਖਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ, ਜਿਸ ਦੇ ਚੱਲਦਿਆਂ ਪੰਜਾਬ ਸਰਕਾਰ ਵੱਲੋਂ ਲਗਾਤਾਰ ਸਾਵਧਾਨੀ ਵਰਤਣ ਦੀਆਂ ਹਿਦਾਇਤਾਂ ਦਿੱਤੀਆਂ ਜਾ ਰਹੀਆਂ ਹਨ।