Israel Defense minister claims: ਪੂਰੀ ਦੁਨੀਆ ਵਿੱਚ ਜਿੱਥੇ ਇੱਕ ਪਾਸੇ ਕੋਰੋਨਾ ਨਾਮ ਦੀ ਮਹਾਂਮਾਰੀ ਤਬਾਹੀ ਮਚਾ ਰਹੀ ਹੈ, ਉਥੇ ਹੀ ਦੂਜੇ ਪਾਸੇ ਇਸ ਮਹਾਸੰਕਟ ਵਿਚਾਲੇ ਇਜ਼ਰਾਈਲ ਨੇ ਇੱਕ ਵੱਡਾ ਦਾਅਵਾ ਕੀਤਾ ਹੈ। ਦਰਅਸਲ, ਸੋਮਵਾਰ ਨੂੰ ਇਜ਼ਰਾਈਲ ਦੇ ਰੱਖਿਆ ਮੰਤਰੀ ਨਫਤਾਲੀ ਬੇਨੇਟ ਨੇ ਕਿਹਾ ਕਿ ਦੇਸ਼ ਦੇ ਡਿਫੈਂਸ ਬਾਇਓਲੌਜੀਕਲ ਇੰਸਟੀਚਿਊਟ ਨੇ ਕੋਰੋਨਾ ਵਾਇਰਸ ਵੈਕਸੀਨ ਤਿਆਰ ਕਨਵਿਚ ਸਫਲਤਾ ਹਾਸਿਲ ਕਰ ਲਈ ਹੈ। ਜਿਸ ਤੋਂ ਬਾਅਦ ਹੁਣ ਜਲਦ ਹੀ ਇਸ ਦਾ ਉਤਪਾਦਨ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਦੇਸ਼ ਨੇ ਕੋਰੋਨਾਵਾਇਰਸ ਦੇ ਐਂਟੀਬੌਡੀ ਨੂੰ ਤਿਆਰ ਕਰਨ ਵਿਚ ਵੱਡੀ ਸਫਲਤਾ ਹਾਸਲ ਕੀਤੀ ਹੈ। ਰੱਖਿਆ ਮੰਤਰੀ ਬੇਨੇਟ ਨੇ ਦੱਸਿਆ ਕਿ ਕੋਰੋਨਾਵਾਇਰਸ ਵੈਕਸੀਨ ਦੇ ਵਿਕਾਸ ਦਾ ਪੜਾਅ ਹੁਣ ਪੂਰਾ ਹੋ ਗਿਆ ਹੈ ਅਤੇ ਸ਼ੋਧਕਰਤਾ ਇਸ ਦੇ ਪੇਟੇਂਟ ਅਤੇ ਵਿਆਪਕ ਪੱਧਰ ਤੇ ਉਤਪਾਦਨ ਦੀ ਤਿਆਰੀ ਕਰ ਰਹੇ ਹਨ। ਭਾਵੇਂਕਿ ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਵੈਕਸੀਨ ਦਾ ਇਨਸਾਨਾਂ ‘ਤੇ ਪ੍ਰੀਖਣ ਕੀਤਾ ਗਿਆ ਹੈ ਜਾਂ ਨਹੀਂ।
ਦਰਅਸਲ, ਇਜ਼ਰਾਈਲ ਦੇ ਪੀ.ਐੱਮ. ਬੇਂਜਾਮਿਨ ਨੇਤਨਯਾਹੂ ਦੇ ਦਫਤਰ ਦੇ ਅਧੀਨ ਚੱਲਣ ਵਾਲੇ ਬਹੁਤ ਗੁਪਤ ਇਜ਼ਰਾਈਲ ਇੰਸਟੀਚਿਊਟ ਫੌਰ ਬਾਇਓਲੌਜੀਕਲ ਰਿਸਰਚ ਦੇ ਦੌਰੇ ਦੇ ਬਾਅਦ ਬੇਨੇਟ ਨੇ ਇਹ ਐਲਾਨ ਕੀਤਾ । ਰੱਖਿਆ ਮੰਤਰੀ ਅਨੁਸਾਰ ਇਹ ਐਂਟੀਬੌਡੀ ਮੋਨੋਕਲੋਨਲ ਤਰੀਕੇ ਨਾਲ ਕੋਰੋਨਾ ਵਾਇਰਸ ‘ਤੇ ਹਮਲਾ ਕਰਦੀ ਹੈ ਅਤੇ ਬੀਮਾਰ ਲੋਕਾਂ ਦੇ ਸਰੀਰ ਦੇ ਅੰਦਰ ਹੀ ਕੋਰੋਨਾ ਵਾਇਰਸ ਦਾ ਖਾਤਮਾ ਕਰ ਦਿੰਦੀ ਹੈ। ਇਸ ਤੋਂ ਇਲਾਵਾ ਬਿਆਨ ਵਿੱਚ ਕਿਹਾ ਗਿਆ ਹੈ ਕਿ ਕੋਰੋਨਾ ਵਾਇਰਸ ਦੇ ਵੈਕਸੀਨ ਦਾ ਵਿਕਾਸ ਦਾ ਪੜਾਅ ਹੁਣ ਪੂਰਾ ਹੋ ਗਿਆ ਹੈ। ਡਿਫੈਂਸ ਇੰਸਟੀਚਿਊਟ ਹੁਣ ਇਸ ਟੀਕੇ ਨੂੰ ਪੇਟੇਂਟ ਕਰਾਉਣ ਦੀ ਪ੍ਰਕਿਰਿਆ ਵਿੱਚ ਹੈ। ਇਸ ਦੇ ਅਗਲੇ ਪੜਾਅ ਵਿੱਚ ਸ਼ੋਧਕਰਤਾ ਅੰਤਰਰਾਸ਼ਟਰੀ ਕੰਪਨੀਆਂ ਨਾਲ ਕਾਰੋਬਾਰੀ ਪੱਧਰ ‘ਤੇ ਉਤਪਾਦਨ ਲਈ ਸੰਪਰਕ ਕਰਨਗੀਆਂ।
ਬੇਨੇਟ ਨੇ ਕਿਹਾ,ਇਸ ਸ਼ਾਨਦਾਰ ਸਫਲਤਾ ‘ਤੇ ਮੈਨੂੰ ਇੰਸਟੀਚਿਊਟ ਦੇ ਸਟਾਫ ‘ਤੇ ਮਾਣ ਹੈ। ਰੱਖਿਆ ਮੰਤਰੀ ਨੇ ਆਪਣੇ ਬਿਆਨ ਵਿੱਚ ਇਹ ਨਹੀਂ ਦੱਸਿਆ ਕੀ ਇਸ ਵੈਕਸੀਨ ਦਾ ਇਨਸਾਨਾਂ ‘ਤੇ ਟ੍ਰਾਇਲ ਕੀਤਾ ਗਿਆ ਹੈ ਜਾਂ ਨਹੀਂ । ਬੇਨੇਟ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਇਜ਼ਰਾਈਲ ਹੁਣ ਆਪਣੇ ਨਾਗਰਿਕਾਂ ਦੀ ਸਿਹਤ ਅਤੇ ਅਰਥਵਿਵਸਥਾ ਨੂੰ ਮੁੜ ਖੋਲ੍ਹਣ ਦੀ ਪ੍ਰਕਿਰਿਆ ਵਿਚ ਸੰਤੁਲਨ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਜ਼ਰਾਈਲ ਦੇ ਰੱਖਿਆ ਮੰਤਰੀ ਦਾ ਇਹ ਦਾਅਵਾ ਜੇਕਰ ਸਹੀ ਹੈ ਤਾਂ ਕੋਰੋਨਾ ਨਾਲ ਪੀੜਤ ਦੁਨੀਆ ਦੇ ਲਈ ਆਸ ਦੀ ਕਿਰਨ ਖੁੱਲ੍ਹ ਜਾਵੇਗੀ। ਦੱਸ ਦੇਈਏ ਕਿ ਇਸ ਸਮੇਂ ਦੁਨੀਆ ਭਰ ਵਿੱਚ ਕੋਰੋਨਾ ਪੀੜਤਾਂ ਦੀ ਗਿਣਤੀ 36 ਲੱਖ 46 ਹਜ਼ਾਰ ਦੇ ਪਾਰ ਪਹੁੰਚ ਚੁੱਕੀ ਹੈ, ਜਦਕਿ 252,407 ਲੋਕਾਂ ਦੀ ਮੌਤ ਹੋ ਚੁੱਕੀ ਹੈ । ਰਾਹਤ ਦੀ ਗੱਲ ਇਹ ਵੀ ਹੈ ਕਿ 1,197,708 ਲੋਕ ਠੀਕ ਵੀ ਹੋਏ ਹਨ ।