ITS control room to be set up : ਚੰਡੀਗੜ੍ਹ : ਇੰਟੈਲੀਜੈਂਟ ਟਰਾਂਸਪੋਰਟੇਸ਼ਨ ਸਿਸਟਮ (ਆਈਟੀਐਸ) ਦਾ ਕੰਟਰੋਲ ਰੂਮ ਇੰਟਰ ਸਟੇਟ ਬੱਸ ਟਰਮਿਨਸ-43 (ਆਈਐਸਬੀਟੀ) ’ਤੇ ਬਣਾਇਆ ਜਾਵੇਗਾ। ਕੰਟਰੋਲ ਰੂਮ ਸੈੱਟਅਪ ਲਈ ਪ੍ਰਸ਼ਾਸਨ ਨੇ ਟੈਂਡਰ ਜਾਰੀ ਕਰਕੇ ਅਰਜ਼ੀਆਂ ਮੰਗੀਆਂ ਹਨ। ਦੋ ਕਰੋੜ ਚਾਰ ਲੱਖ ਰੁਪਏ ਅੰਦਾਜ਼ਨ ਦਾ ਇਹ ਟੈਂਡਰ ਜਾਰੀ ਕੀਤਾ ਗਿਆ ਹੈ। ਜਿਹੜੀ ਕੰਪਨੀ ਟੈਂਡਰ ਵਿਚ ਫਾਈਨਲ ਹੋਵੇਗੀ, ਉਸ ਨੂੰ ਪੰਜ ਮਹੀਨੇ ਵਿਚ ਇਹ ਕੰਟਰੋਲ ਰੂਮ ਤਿਆਰ ਕਰਕੇ ਦੇਣਾ ਹੋਵੇਗਾ। ਇਹ ਪੂਰਾ ਪ੍ਰਾਜੈਕਟ ਵਰਲਡ ਬੈਂਕ ਦੀ ਮਦਦ ਨਾਲ ਟਰਾਂਸਪੋਰਟ ਡਿਪਾਰਟਮੈਂਟ ਕਰ ਰਿਹਾ ਹੈ। ਇਸ ਨੂੰ ਲੈ ਕੇ ਪਲਾਨਿੰਗ ਪਹਿਲਾਂ ਹੀ ਪੂਰੀ ਹੋ ਚੁੱਕੀ ਹੈ। ਕਿੱਥੇ ਕੀ-ਕੀ ਕਰਨਾ ਹੈ, ਇਸ ਦਾ ਖਾਕਾ ਤਿਆਰ ਕੀਤਾ ਜਾ ਚੁੱਕਾ ਹੈ।
ਅਸਲ ’ਚ ਇਸ ਪ੍ਰਾਜੈਕਟ ਨੂੰ ਇੰਪਲੀਮੈਂਟ ਕਰਨ ਲਈ ਲਗਭਗ 17 ਕਰੋੜ ਰੁਪਏ ਵਰਲਡ ਬੈਂਕ ਵੱਲੋਂ ਚੰਡੀਗੜ੍ਹ ਪ੍ਰਸ਼ਾਸਨ ਨੂੰ ਦਿੱਤੇ ਜਾਣੇ ਹਨ, ਜਦਕਿ ਬਾਕੀ ਪ੍ਰਾਜੈਕਟ ਨੂੰ ਪੂਰਾ ਕਰਨ ਲਈ ਲਗਭਗ 60 ਪਰਸੈਂਟ ਖਰਚਾ ਕੇਂਦਰ ਸਰਕਾਰ ਵੱਲੋਂ ਦਿੱਤਾ ਜਾਣਾ ਹੈ। ਇਸ ਪ੍ਰਾਜੈਕਟ ਦੀ ਪਲਾਨਿੰਗ ਤੋਂ ਬਾਅਦ ਕਾਫੀ ਕੰਮ ਹੋ ਚੁੱਕਾ ਹੈ। ਹੁਣ ਕੰਟਰੋਲ ਰੂਮ ਸੈਟਅਪ ਤੋਂ ਬਾਅਦ ਆਪ੍ਰੇਸ਼ਨ ਸ਼ੁਰੂ ਹੋ ਜਾਵੇਗਾ।
ਦੱਸਣਯੋਗ ਹੈ ਕਿ ਬੱਸ ਦੇ ਅੰਦਰ ਡਿਸਪਲੇ ਬੋਰਡ ਹੋਵੇਗਾ, ਜਿਸ ਵਿਚ ਆਉਣ ਵਾਲੇ ਬੱਸ ਸਟਾਪ ਦੀ ਜਾਣਕਾਰੀ ਨਾਲ ਰੂਟ ਦੀ ਪੂਰੀ ਜਾਣਕਾਰੀ ਹੋਵੇਗੀ। ਸਾਰੇ ਬੱਸ ਸਟਾਪ ਵਿਚ ਹੀ ਬੱਸ ਦੇ ਰੂਟ ਨਾਲ ਬੱਸ ਦੀ ਲੋਕੇਸ਼ਨ ਪਤਾ ਲੱਗੇਗੀ। ਬੱਸ ਸਟਾਪ ’ਤੇ ਵੀ ਡਿਜੀਟਲ ਡਿਸਪਲੇ ਹੋਣਗੀਆਂ। ਆਈਟੀਐਸ ਨੂੰ ਸੀਟੀਯੂ ਦੀਆਂ ਸਾਰੀਆਂ ਬੱਸਾਂ ਨੂੰ ਜੀਪੀਐਸ ਨਾਲ ਕਨੈਕਟ ਕੀਤਾ ਜਾਵੇਗਾ ਅਤੇ ਇਸ ਸਿਸਟਮ ਨੂੰ ਸ਼ਹਿਰ ਦੇ ਸਾਰੇ ਬੱਸ ਸਟਾਪ ਨਾਲ ਜੋੜਿਆ ਜਾਵੇਗਾ। ਇਸ ਨਾਲ ਜਦੋਂ ਕੋਈ ਬੱਸ ਸਟਾਪ ’ਤੇ ਬੱਸ ਦੀ ਉਡੀਕ ਕਰ ਰਿਹਾ ਹੋਵੇਗਾ, ਤਾਂ ਉਸ ਨੂੰ ਸਹੀ ਜਾਣਕਾਰੀ ਬੱਸ ਦੇ ਰੂਟ ਅਤੇ ਉਸ ਦੀ ਬੱਸ ਅਜੇ ਕਿਸ ਜਗ੍ਹਾ ’ਤੇ ਪਹੁੰਚੀ ਹੈ ਅਤੇ ਕਿੰਨੀ ਦੇਰ ਵਿਚ ਕਿਸੇ ਬੱਸ ਸਟਾਪ ’ਤੇ ਪਹੁੰਚੇਗੀ, ਉਸ ਦੀ ਜਾਣਕਾਰੀ ਮਿਲ ਜਾਵੇਗੀ। ਐਪ ਨਾਲ ਪੂਰਾ ਸਿਸਟਮ ਕਨੈਕਟ ਹੋਵੇਗਾ, ਜਿਸ ਨਾਲ ਬੱਸਾਂ ਦੀ ਸਹੀ ਜਾਣਕਾਰੀ ਪੈਸੇਂਜਰ ਕੋਲ ਪਹੁੰਚੇਗੀ। ਕੰਟਰੋਲ ਰੂਮ ਤੋਂ ਬੱਸਾਂ ਨੂੰ ਜੀਪੀਐਸ ਰਾਹੀਂ ਟਰੈਕ ਕੀਤਾ ਜਾਏਗਾ। ਬੱਸ ਡਿਪੂ ਵੀ ਕੰਟਰੋਲ ਰੂਮ ਨਾਲ ਕਨੈਕਟ ਹੋਵੇਗਾ। ਬੱਸ ਡਰਾਈਵਰ ਨੂੰ ਐਸਐਮਐਸ ਦੀ ਸਹੂਲਤ ਹੋਵੇਗੀ। ਉਹ ਬੱਸ ਲੈ ਕੇ ਨਿਕਲਦੇ ਹੀ ਐਸਐਮਐਸ ਭੇਜ ਕੇ ਇਸ ਦੀ ਜਾਣਕਾਰੀ ਦੇਣਗੇ। ਦਿੱਲੀ ਮੈਟਰੋ ਦੀ ਤਰਜ ’ਤੇ ਸਮਾਰਟ ਪਾਸ ਵੀ ਜਾਰੀ ਹੋ ਸਕਣਗੇ। ਜ਼ਿਕਰਯੋਗ ਹੈ ਕਿ ਪ੍ਰਾਜੈਕਟ ਵਿਚ ਮਾਡਰਨ ਡਿਪੂ ਇਕਵਿਪਮੈਂਟ, ਮੈਨੇਜਮੈਂਟ ਇਨਫਾਰਮੇਸ਼ਨ ਸਿਸਟਮ (ਐਮਆਈਐਸ), ਇੰਟੈਲੀਜੈਂਟ ਟਰਾਂਸਪੋਰਟ ਸਿਸਟਮ (ਆਈਟੀਐਸ), ਪੈਸੇਂਜਰ ਇਨਫਾਰਮੇਸ਼ਨ ਸਿਸਟਮ (ਪੀਆਈਐਸ), ਆਟੋਮੈਟਿਕ ਵ੍ਹੀਕਲ ਲੋਕੇਸ਼ਨ ਸਿਸਟਮ (ਏਵੀਐਲਐਸ), ਮਾਡਰਨ ਫੇਅਰ ਕਲੈਕਸ਼ਨ ਸਿਸਟਮ ਅਤੇ ਡਰਾਈਵਰਾਂ ਦੀ ਟ੍ਰੇਨਿੰਗ ਵਰਗੇ ਕੰਮ ਸ਼ਾਮਲ ਹੋਣੇਗੇ।