ਜਲੰਧਰ ਪੁਲਿਸ ਦੀ ਕਾਰਵਾਈ ਸਦਕਾ ਮਾਲਟਾ ਵਿੱਚ ਫਸੇ ਇਕ ਔਰਤ ਸਣੇ ਤਿੰਨ ਪੰਜਾਬੀਆਂ ਨੂੰ ਪੰਜਾਬ ਵਾਪਿਸ ਲਿਆਇਆ ਗਿਆ ਹੈ। ਇਹ ਲੋਕ ਮਸ਼ੀਨ ਆਪ੍ਰੇਟਰ ਦਾ ਕੰਮ ਕਰਨ ਲਈ ਮਾਲਟਾ ਗਏ ਸਨ, ਉਥੇ ਉਨ੍ਹਾਂ ਨੂੰ ਬੰਧਕ ਬਣਾ ਲਿਆ ਗਿਆ ਸੀ।
ਇਸ ਤੋਂ ਦੁਖੀ ਹੋ ਕੇ ਜਲੰਧਰ ਦੇ ਇੱਕ ਬੰਦੇ ਨੇ ਸੋਸ਼ਲ ਮੀਡੀਆ ‘ਤੇ ਆਪਣਾ ਦੁੱਖੜਾ ਸੁਣਾਇਆ। ਉਸ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਨਹੀਂ ਛੁਡਾਇਆ ਗਿਆ ਤਾਂ ਉਹ ਖੁਦਕੁਸ਼ੀ ਕਰ ਲਵੇਗਾ। ਇਸ ਦਾ ਪਤਾ ਲੱਗਦੇ ਹੀ ਪੁਲਿਸ ਹਰਕਤ ਵਿੱਚ ਆ ਗਈ। ਜਿਸ ਕੰਪਨੀ ਨੇ ਉਨ੍ਹਾਂ ਨੂੰ ਮਾਲਟਾ ਭੇਜਿਆ ਸੀ, ਉਸ ਦੇ ਮਾਲਕ ਬੁਲਾਇਆ ਗਿਆ, ਜਿਸ ਤੋਂ ਬਾਅਦ ਤਿੰਨਾਂ ਨੂੰ ਪੁਲਿਸ ਛੁਡਵਾਉਣ ਵਿੱਚ ਸਫਲ ਰਹੀ।
ਡੀਸੀਪੀ ਗੁਰਮੀਤ ਸਿੰਘ ਨੇ ਦੱਸਿਆ ਕਿ ਜਲੰਧਰ ਦੇ ਵਸਨੀਕ ਸਾਗਰ ਦੀ ਵੀਡੀਓ ਸੋਸ਼ਲ ਮੀਡੀਆ ਰਾਹੀਂ ਪੁਲਿਸ ਤੱਕ ਪਹੁੰਚ ਗਈ। ਉਨ੍ਹਾਂ ਦੇ ਨਾਲ ਜਲੰਧਰ ਦਾ ਹੀ ਅਰਸ਼ਦੀਪ ਅਤੇ ਲੁਧਿਆਣਾ ਦੀ ਕ੍ਰਿਸ਼ਨਾ ਦੇਵੀ ਵੀ ਸਨ। ਤਿੰਨਾਂ ਨੂੰ ਏ ਐਂਡ ਜ਼ੈਡ ਐਕਸਪੋਰਟਸ ਦੁਆਰਾ ਮਸ਼ੀਨਰੀ ਦੇ ਨਾਲ ਮਾਲਟਾ ਭੇਜਿਆ ਗਿਆ ਸੀ। ਉਨ੍ਹਾਂ ਨੂੰ 14 ਦਿਨਾਂ ਲਈ ਦੁਬਈ ਵਿੱਚ ਰੱਖਿਆ ਗਿਆ ਅਤੇ ਫਿਰ ਮਾਲਟਾ ਭੇਜਿਆ ਗਿਆ।
ਜਦੋਂ ਪੁਲਿਸ ਕਮਿਸ਼ਨਰ ਗੁਰਪ੍ਰੀਤ ਭੁੱਲਰ ਨੂੰ ਵੀਡੀਓ ਬਾਰੇ ਪਤਾ ਲੱਗਿਆ ਤਾਂ ਉਸਨੇ ਤੁਰੰਤ ਅਧਿਕਾਰੀਆਂ ਦੀ ਡਿਊਟੀ ਲਗਾ ਦਿੱਤੀ। ਉਨ੍ਹਾਂ ਪੂਰੇ ਮਾਮਲੇ ਦੀ ਜਾਂਚ ਕੀਤੀ ਅਤੇ ਅਧਿਕਾਰੀਆਂ ਨੂੰ ਕਾਰਵਾਈ ਕਰਨ ਲਈ ਕਿਹਾ। ਜਿਸ ਤੋਂ ਬਾਅਦ ਏ ਐਂਡ ਜ਼ੈਡ ਕੰਪਨੀ ਦੇ ਮਾਲਕ ਨੂੰ ਬੁਲਾਇਆ ਗਿਆ. ਇਸ ਤੋਂ ਬਾਅਦ ਤਿੰਨਾਂ ਨੂੰ ਵਾਪਸ ਲਿਆਂਦਾ ਗਿਆ ਅਤੇ ਪਰਿਵਾਰ ਨਾਲ ਦੁਬਾਰਾ ਮਿਲਾਇਆ ਗਿਆ।
ਇਹ ਵੀ ਪੜ੍ਹੋ : ਤਰਨਤਾਰਨ ‘ਚ ਨਸ਼ਾ ਤਸਕਰਾਂ ਤੇ ਪੁਲਿਸ ‘ਚ ਗੋਲੀਬਾਰੀ, ਪੁਲਿਸ ਮੁਲਾਜ਼ਮ ਜ਼ਖਮੀ, ਹੈਰੋਇਨ ਸਣੇ ਕਾਰ ਛੱਡ ਕੇ ਭੱਜੇ ਦੋਸ਼ੀ
ਪੀੜਤ ਲੋਕਾਂ ਨੇ ਪੰਜਾਬ ਸਰਕਾਰ ਅਤੇ ਕਮਿਸ਼ਨਰੇਟ ਪੁਲਿਸ ਦਾ ਧੰਨਵਾਦ ਕੀਤਾ। ਡੀਸੀਪੀ ਨੇ ਕਿਹਾ ਕਿ ਪੁਲਿਸ ਇਸ ਲਈ ਜ਼ਿੰਮੇਵਾਰ ਵਿਅਕਤੀ ਖਿਲਾਫ ਕਾਰਵਾਈ ਕਰੇਗੀ। ਇਸ ਦੇ ਲਈ ਪੀੜਤ ਲੋਕਾਂ ਤੋਂ ਲਿਖਤੀ ਸ਼ਿਕਾਇਤ ਦੀ ਉਡੀਕ ਕੀਤੀ ਜਾ ਰਹੀ ਹੈ।