Jan Sansad in Delhi : ਕਿਸਾਨ ਅੰਦੋਲਨ ਅੱਜ 53ਵੇਂ ਦਿਨ ‘ਚ ਪ੍ਰਵੇਸ਼ ਕਰ ਚੁੱਕਾ ਹੈ। ਦਿੱਲੀ-ਐੱਨਸੀਆਰ ਦੇ ਕਈ ਬਾਰਡਰ ‘ਤੇ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ ਹੈ।ਕਿਸਾਨ ਸੁਪਰੀਮ ਕੋਰਟ ਵਲੋਂ ਗਠਿਤ ਕੀਤੀ ਗਈ ਕਮੇਟੀ ਤੋਂ ਖੁਸ਼ ਨਹੀਂ ਹੈ।ਸ਼ਨੀਵਾਰ ਨੂੰ ਇੱਕ ਸੰਗਠਨ ਨੇ ਸੁਪਰੀਮ ਕੋਰਟ ਤੋਂ ਨਵੀਂ ਕਮੇਟੀ ਗਠਿਤ ਕਰਨ ਦੀ ਮੰਗ ਕੀਤੀ ਹੈ।ਨਾਲ ਹੀ ਪ੍ਰਦਰਸ਼ਨਕਾਰੀ ਕਿਸਾਨ 26 ਜਨਵਰੀ ਨੂੰ ਦਿੱਲੀ ‘ਚ ਟ੍ਰੈਕਟਰ ਮਾਰਚ ਕੱਢਣ ਲਈ ਤਿਆਰ ਹੈ। ਪਰ ਇਸ ਤੋਂ ਪਹਿਲਾਂ 22 ਅਤੇ 23 ਜਨਵਰੀ ਨੂੰ ਸਿਆਸੀ ਪਾਰਟੀਆਂ ਦੀ ਇਕ ‘ਜਨ ਸੰਸਦ’ ਦਾ ਆਯੋਜਨ ਕਰਨ ਦੀ ਖਬਰ ਸਾਹਮਣੇ ਆਈ ਹੈ, ਜਿਸ ਦਾ ਖੁਲਾਸਾ ਭਾਰਤੀ ਕਿਸਾਨ ਯੂਨੀਅਨ ਚਢੂਨੀ ਦੇ ਪ੍ਰਧਾਨ ਗੁਰਨਾਮ ਸਿੰਘ ਚਢੂਨੀ ਪ੍ਰਧਾਨ ਨੇ ਕੀਤਾ। ਇਹ ਫੈਸਲਾ ਉਨ੍ਹਾਂ ਨੇ ਦਿੱਲੀ ਵਿਖ਼ੇ ਸਿਆਸੀ ਦਲਾਂ ਦੀ ਸ਼ਮੂਲੀਅਤ ਵਾਲੀ ਇਕ ਮੀਟਿੰਗ ਵਿੱਚ ਲਿਆ।
ਦੱਸਣਯੋਗ ਹੈ ਕਿ ਚਢੂਨੀ ਦੇ ਨਾਲ ਇਸ ਮੀਟਿੰਗ ਵਿੱਚ ਕਾਂਗਰਸ, ਆਮ ਆਦਮੀ ਪਾਰਟੀ, ਅਕਾਲੀ ਦਲ ਡੈਮੋਕਰੇਟਿਕ ਅਤੇ ਪੰਜਾਬ ਏਕਤਾ ਪਾਰਟੀ ਦੇ ਨੁਮਾਇੰਦੇ ਸ਼ਾਮਿਲ ਹੋਏ। ਹਾਲਾਂਕਿ ਇਸ ਬਾਰੇ ਚਢੂਨੀ ਨੇ ਇਹ ਸਪੱਸ਼ਟ ਕੀਤਾ ਹੈ ਕਿ ਇਸ ਫ਼ੈਸਲੇ ਬਾਰੇ ਨਾ ਤਾਂ ਉਨ੍ਹਾਂ ਨੇ ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਆਗੂਆਂ ਅਤੇ ਜੱਥੇਬੰਦੀਆਂ ਨਾਲ ਸਲਾਹ ਕੀਤੀ ਹੈ ਅਤੇ ਨਾ ਹੀ ਇਸ ਫ਼ੈਸਲੇ ਦੀ ਉਨ੍ਹਾਂ ਨੂੰ ਜਾਣਕਾਰੀ ਜਾਂ ਫ਼ਿਰ ਉਨ੍ਹਾਂ ਦੀ ਸਹਿਮਤੀ ਹੈ। ਉਨ੍ਹਾਂ ਕਿਹਾ ਕਿ ਉਹ ਇਸ ਮੀਟਿੰਗ ਵਿੱਚ ਕਿਸਾਨ ਜੱਥੇਬੰਦੀਆਂ ਵੱਲੋਂ ਸ਼ਾਮਿਲ ਨਹੀਂ ਹੋਏ ਸਨ ਪਰ ਇਹ ‘ਜਨ ਸੰਸਦ’ ਖੇਤੀ ਕਾਨੂੰਨਾਂ ਬਾਰੇ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਨੂੰ ਦੀ ਸੋਚ ਨੂੰ ਜਾਣਨ ਲਈ ਹੈ। ਦੱਸ ਦੇਈਏ ਕਿ ਕਿਸਾਨ ਜਥੇਬੰਦੀਆਂ ਨੇ ਹੁਣ ਤੱਕ ਇਸ ਅੰਦੋਲਨ ਤੋਂ ਸਿਆਸੀ ਪਾਰਟੀਆਂ ਦੀ ਸ਼ਮੂਲੀਅਤ ਨੂੰ ਦੂਰ ਹੀ ਰੱਖਿਆ ਹੈ।
ਇਸ ਮੀਟਿੰਗ ਵਿੱਚ ਕਾਂਗਰਸੀ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਜਸਬੀਰ ਸਿੰਘ ਡਿੰਪਾ, ਆਮ ਆਦਮੀ ਪਾਰਟੀ ਪੰਜਾਬ ਦੇ ਇੰਚਾਰਜ ਜਰਨੈਲ ਸਿੰਘ ਐਮ.ਐਲ.ਏ., ਅਕਾਲੀ ਦਲ ਡੈਮੋਕਰੇਟਿਕ ਦੇ ਪਰਮਿੰਦਰ ਸਿੰਘ ਢੀਂਡਸਾ, ਸੇਵਾ ਸਿੰਘ ਸੇਖਵਾਂ ਅਤੇ ਪੰਜਾਬ ਏਕਤਾ ਪਾਰਟੀ ਦੇ ਸੁਖ਼ਪਾਲ ਸਿੰਘ ਖ਼ਹਿਰਾ ਸ਼ਾਮਲ ਹੋਏ। ਮੀਟਿੰਗ ਵਿੱਚ ਫ਼ੈਸਲਾ ਇਹ ਕੀਤਾ ਗਿਆ ਹੈ ਕਿ ਭਾਜਪਾ ਸਣੇ ਸਾਰੀਆਂ ਸਿਆਸੀ ਪਾਰਟੀਆਂ ਦੇ ਸੰਸਦ ਮੈਂਬਰਾਂ, ਵਿਧਾਇਕਾਂ, ਸਾਬਕਾ ਸੰਸਦ ਮੈਂਬਰਾਂ ਅਤੇ ਸਾਬਕਾ ਵਿਧਾਇਕਾਂ ਨੂੰ ਇਸ ‘ਜਨ ਸੰਸਦ’ ਲਈ ਸੱਦਾ ਦਿੱਤਾ ਜਾਵੇਗਾ।