Jawan Salim Khan of Patiala : ਪਟਿਆਲਾ ਦੇ ਨੇੜਲੇ ਪਿੰਡ ਮਰਦਾਂਹੇੜੀ ਦਾ ਜਵਾਨ ਸਲੀਮ ਖਾਨ ਦੇ ਬੀਤੇ ਦਿਨ ਲੇਹ ਵਿਚ ਸ਼ਹੀਦ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਜਵਾਨ ਲੇਹ ਵਿਚ ਪੁਲ ਨਿਰਮਾਣ ਦੇ ਕੰਮ ਵਿਚ ਲੱਗਾ ਹੋਇਆ ਸੀ, ਜਿਥੇ ਫੌਜ ਦੇ ਇਸ ਜਵਾਨ ਦੀ ਕਿਸ਼ਤੀ ਨਦੀ ਵਿਚ ਪਲਟ ਗਈ, ਜਿਸ ਨਾਲ ਉਸ ਦੀ ਮੌਤ ਹੋ ਗਈ। ਇਸ ਜਵਾਨ ਦੀ ਸ਼ਹਾਦਤ ’ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਲਾਂਸ ਨਾਇਕ ਖਾਨ ਦੀ ਸ਼ਹਾਦਤ ਨੂੰ ਸਲਾਮ ਹੈ। ਉਨ੍ਹਾਂ ਕਿਹਾ ਕਿ ਅਸੀਂ ਇਸ ਦੁੱਖ ਦੀ ਘੜੀ ਵਿਚ ਉਨ੍ਹਾਂ ਦੇ ਪਰਿਵਾਰ ਦੇ ਨਾਲ ਹਾਂ। ਪੂਰਾ ਦੇਸ਼ ਬਹਾਦਰ ਲਾਂਸ ਨਾਇਕ ਸਲੀਮ ਖਾਨ ਦੀ ਸ਼ਹਾਦਤ ਨੂੰ ਸਲਾਮ ਕਰਦਾ ਹੈ।
ਮਿਲੀ ਜਾਣਕਾਰੀ ਮੁਤਾਬਕ ਇਹ ਸ਼ਹੀਦ ਫੌਜੀ ਸਲੀਮ ਖਾਨ 58 ਇੰਜੀਨੀਰਅਰਿੰਗ ਲੇਹ ਵਿਚ ਤਾਇਨਾਤ ਸੀ। ਸੂਤਰਾਂ ਮੂਤਾਬਕ ਲਾਂਸਨਾਇਕ ਸਲੀਮ ਖਾਨ ਦੀ ਮ੍ਰਿਤਕ ਦੇਹ ਨੂੰ ਅੱਜ ਉਸ ਦੇ ਜੱਦੀ ਪਿੰਡ ਲਿਆਇਆ ਜਾਏਗਾ, ਜਿਥੇ ਮੁਸਲਿਮ ਧਰਮ ਦੇ ਰਸਮੋ-ਰਿਵਾਜਾਂ ਮੁਤਾਬਕ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਸਪੁਰਦ-ਏ-ਖਾਕ ਕੀਤਾ ਜਾਵੇਗਾ।
ਦੱਸਣਯੋਗ ਹੈ ਕਿ ਸ਼ਹੀਦ ਸਲੀਮ ਖਾਨ ਦੀ ਉਮਰ 23 ਸਾਲ ਹੈ। ਸਲੀਮ ਖਾਨ ਦੇ ਪਿਤਾ ਮੰਗਲ ਦੀਨ ਵੀ ਭਾਰਤੀ ਫੌਜ ਵਿਚ ਹੀ ਤਾਇਨਾਤ ਸਨ, ਉਹ ਵੀ ਡਿਊਟੀ ਦੌਰਾਨ ਹੀ ਸ਼ਹੀਦ ਹੋਏ ਸਨ। ਸਲੀਮ ਖਾਨ ਦੇ ਪਰਿਵਾਰ ਵਿਚ ਉਸ ਦੀ ਮਾਤਾ, ਉਸ ਦਾ ਭਰਾ ਅਤੇ ਭਾਬੀ ਹਨ। ਜਿਵੇਂ ਹੀ ਸਲੀਮ ਖਾਨ ਦੀ ਸ਼ਹਾਦਤ ਦੀ ਖਬਰ ਉਸ ਦੇ ਪਿੰਡ ਪਹੁੰਚੀ ਤਾਂ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ। ਸ਼ਹੀਦ ਦੀ ਮਾਂ ਨਸੀਮਾ ਬੇਗਮ ਦਾ ਆਪਣੇ ਪੁੱਤਰ ਦੀ ਮੌਤ ਦੀ ਖਬਰ ਸੁਣ ਕੇ ਰੋ-ਰੋ ਕੇ ਬੁਰਾ ਹਾਲ ਹੈ। ਜ਼ਿਲਾ ਪ੍ਰਸ਼ਾਸਨ ਨੂੰ ਸਲੀਮ ਖਾਨ ਦੀ ਸ਼ਹਾਦਤ ਦੀ ਖਬਰ ਮਿਲਦਿਆਂ ਹੀ ਐਸਡੀਐਮ ਪਟਿਆਲਾ ਸਲੀਮ ਖਾਨ ਦੇ ਪਿੰਡ ਮਰਦਾਂਹੇੜੀ ਲਈ ਰਵਾਨਾ ਹੋ ਗਏ।