Jodhpur cops help woman: ਜੋਧਪੁਰ: ਜੋਧਪੁਰ ਸ਼ਹਿਰ ਦੇ ਪ੍ਰਤਾਪ ਨਗਰ ਅਤੇ ਦੇਵ ਨਗਰ ਇਲਾਕੇ ਵਿੱਚ ਕੋਰੋਨਾ ਪੀੜਤ ਮਰੀਜ਼ਾਂ ਦਾ ਅੰਕੜਾ ਵਧਣ ਤੋਂ ਬਾਅਦ ਸਖਤੀ ਵਧਾ ਦਿੱਤੀ ਗਈ ਹੈ। ਸੋਮਵਾਰ ਸ਼ਾਮ ਨੂੰ ਜੋਧਪੁਰ ਦੇ ਦੇਵ ਨਗਰ ਥਾਣਾ ਖੇਤਰ ਸਥਿਤ ਆਖਲੀਆ ਚੌਰਾਹੇ ‘ਤੇ ਇੱਕ ਔਰਤ ਨੇ ਨਿੱਜੀ ਗੱਡੀ ਦੇ ਅੰਦਰ ਹੀ ਬੱਚੀ ਨੂੰ ਜਨਮ ਦਿੱਤਾ। ਗਰਭਵਤੀ ਔਰਤ ਨਿੱਜੀ ਗੱਡੀ ਵਿੱਚ ਬਾੜਮੇਰ ਦੇ ਨਾਗਾਣਾ ਪਿੰਡ ਤੋਂ ਜੋਧਪੁਰ ਦੇ ਸਰਕਾਰੀ ਹਸਪਤਾਲ ਵਿੱਚ ਜਾ ਰਹੀ ਸੀ, ਉਦੋਂ ਆਖਲੀਆ ਚੌਰਾਹੇ ‘ਤੇ ਜਾ ਕੇ ਉਸਦੀ ਗੱਡੀ ਖਰਾਬ ਹੋ ਗਈ। ਕਾਫ਼ੀ ਦੇਰ ਤੱਕ ਗੱਡੀ ਉਸੇ ਜਗਾ ਖੜੀ ਰਹੀ। ਇਸੇ ਵਿਚਾਲੇ ਔਰਤ ਨੂੰ ਦਰਦ ਹੋਈ ਅਤੇ ਔਰਤ ਨੇ ਨਿੱਜੀ ਗੱਡੀ ਵਿੱਚ ਹੀ ਬੱਚੀ ਨੂੰ ਜਨਮ ਦੇ ਦਿੱਤਾ।
ਇਸ ਸਬੰਧੀ ਔਰਤ ਦੇ ਭਰਾ ਸ਼ੈਤਾਨ ਸਿੰਘ ਨੇ ਦੱਸਿਆ ਕਿ ਆਖਲੀਆ ਚੌਰਾਹੇ ‘ਤੇ ਕਰਫਿਊ ਇਲਾਕੇ ਵਿੱਚ ਤਾਇਨਾਤ ਮਹਿਲਾ ਕਾਂਸਟੇਬਲ ਨੇ ਉਸਦੀ ਗਰਭਵਤੀ ਭੈਣ ਦੀ ਸੁਰੱਖਿਅਤ ਡਿਲਿਵਰੀ ਕਰਵਾਈ। ਨੇੜੇ ਖੜੇ ਪੁਲਿਸ ਅਧਿਕਾਰੀ ਅਤੇ ਜਵਾਨਾਂ ਨੇ ਦਰਦ ਬਾਰੇ ਸੁਣਦੇ ਹੀ ਨਿੱਜੀ ਵਾਹਨ ਨੂੰ ਚਾਰੇ ਪਾਸਿਓਂ ਟੈਂਟ ਲਗਾ ਕੇ ਕਵਰ ਕਰ ਲਿਆ। ਡੀ.ਸੀ.ਪੀ. ਵੈਸਟ ਪ੍ਰੀਤੀ ਚੰਦਰਾ ਨੇ ਦੱਸਿਆ ਕਿ ਡਿਲਿਵਰੀ ਦੀ ਸੂਚਨਾ ਮਿਲਦੇ ਹੀ ਦੇਵ ਨਗਰ ਥਾਣਾ ਪੁਲਸ ਵਲੋਂ ਡਾਕਟਰ ਅਤੇ ਐਂਬੂਲੈਂਸ ਨੂੰ ਸੂਚਨਾ ਦਿੱਤੀ ਗਈ। ਡਿਲਿਵਰੀ ਤੋਂ ਬਾਅਦ ਨਵਜਾਤ ਬੱਚੀ ਅਤੇ ਉਸ ਦੀ ਮਾਂ ਨੂੰ ਐਂਬੂਲੈਂਸ ਤੇ ਸਰਕਾਰੀ ਹਸਪਤਾਲ ਭੇਜਿਆ ਗਿਆ। ਜਿੱਥੇ ਮਾਂ ਅਤੇ ਬੱਚੀ ਦੋਵੇਂ ਸਿਹਤਮੰਦ ਦੱਸੇ ਜਾ ਰਹੇ ਹਨ।