Justice Navita Singh withdraws : ਅੰਮ੍ਰਿਤਸਰ : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼੍ਰੋਮਣੀ ਕਮੇਟੀ ਦੇ ਪਬਲੀਕੇਸ਼ਨ ਵਿਭਾਗ ਵਿਚੋਂ 267 ਸਰੂਪਾਂ ਦੇ ਘੱਟ ਪਾਏ ਜਾਣ ਦੇ ਮਾਮਲੇ ਦੀ ਉੱਚ ਪੱਧਰੀ ਜਾਂਚ ਲਈ ਬਣਾਈ ਗਈ ਸਬ-ਕਮੇਟੀ ਦੀ ਮੁਖੀ ਹਾਈਕੋਰਟ ਦੀ ਸੇਵਾ ਮੁਕਤ ਜੱਜ ਜਸਟਿਸ ਨਵਿਤਾ ਸਿੰਘ ਨੇ ਨਿੱਜੀ ਕਾਰਨਾਂ ਕਰਕੇ ਇਸ ਤੋਂ ਪਿੱਛੇ ਹੱਟ ਗਈ ਹੈ। ਇਸ ਬਾਰੇ ਜਸਟਿਸ ਨਵਿਤਾ ਸਿੰਘ ਵੱਲੋਂ ਘਰੇਲੂ ਮਜਬੂਰੀ ਕਾਰਨ ਜਾਂਚ ਕਰਨ ਲਈ ਆਪਣੀ ਅਸਮਰੱਥਾ ਜ਼ਾਹਿਰ ਕਰਦਿਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਇਕ ਚਿੱਠੀ ਭੇਜੀ ਗਈ ਹੈ, ਜਿਸ ਤੋਂ ਬਾਅਦ ਜਥੇਦਾਰ ਨੇ ਹੁਣ ਉਨ੍ਹਾਂ ਦੀ ਥਾਂ ’ਤੇ ਐਡਵੋਕੇਟ ਡਾ. ਈਸ਼ਰ ਸਿੰਘ ਤੇਲੰਗਾਨਾ ਹਾਈਕੋਰਟ ਨੂੰ ਮੁੱਖ ਜਾਂਚ ਅਧਿਕਾਰੀ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
ਉਨ੍ਹਾਂ ਦੇ ਸਹਿਯੋਗ ਲਈ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੀ ਵਕੀਲ ਡਾ. ਹਰਪ੍ਰੀਤ ਕੌਰ ਤੇ ਬੀਬੀ ਹਰਲੀਨ ਕੌਰ ਸੀਏ ਨੂੰ ਸਹਾਇਕ ਵਜੋਂ ਜਾਂਚ ਕਮੇਟੀ ਵਿਚ ਸ਼ਾਮਲ ਕੀਤਾ ਗਿਆ ਹੈ। ਇਹ ਜਾਣਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਕ ਪ੍ਰੈੱਸ ਬਿਆਨ ਰਾਹੀਂ ਦਿੰਦਿਆਂ ਕਿਹਾ ਕਿ ਇਸ ਨਾਲ ਜਾਂਚ ’ਤੇ ਕੋਈ ਫਰਕ ਨਹੀਂ ਪਏਗਾ, ਸਗੋਂ ਪੂਰੀ ਨਿਰਪੱਖਤਾ ਤੇ ਪਹਿਲਾਂ ਤੋਂ ਹੀ ਤੈਅ ਕੀਤੇ ਸਮੇਂ ਮੁਤਾਬਕ ਹੀ ਜਾਂਚ ਪੂਰੀ ਹੋਵੇਗੀ। ਜਾਂਚ ਕਮੇਟੀ ਵੱਲੋਂ ਦਿੱਤੀ ਰਿਪੋਰਟ ਮੁਤਾਬਕ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ।
ਦੱਸਣਯੋਗ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਇਸ ਮਾਮਲੇ ਦੀ ਜਾਂਚ ਪਹਿਲਾਂ ਆਪਣੇ ਪੱਧਰ ’ਤੇ ਕਰਵਾਉਣ ਦੇ ਐਲਾਨ ’ਤੇ ਹੋਏ ਵਿਰੋਧ ਦੇ ਚੱਲਦਿਆਂ ਅੰਤਰਿੰਗ ਕਮੇਟੀ ਵੱਲੋਂ ਇਹ ਮਾਮਲਾ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਨੂੰ ਸੌਂਪਣ ਦਾ ਐਲਾਨ ਕੀਤਾ ਗਿਆ ਸੀ, ਜਿਸ ਤੋਂ ਬਾਅਦ ਜਥੇਦਾਰ ਦੇ ਹੁਕਮਾਂ ’ਤੇ ਪਬਲੀਕੇਸ਼ਨ ਵਿਭਾਗ ਦੇ ਸਬੰਧਤ ਵਿੰਗ ਨੂੰ ਸੀਲ ਕਰ ਦਿੱਤਾ ਗਿਆ ਸੀ।