Juvenile beaten with sticks : ਜਲੰਧਰ ’ਚ ਵੀਰਵਾਰ ਨੂੰ ਪਬਲਿਕ ਟਾਇਲਟ ’ਤੇ ਵਿਵਾਦ ਸਾਹਮਣੇ ਆਇਆ ਹੈ, ਜਿਥੇ ਟਾਇਲੇਟ ਦੀ ਦੇਖ-ਰੇਖ ਕਰ ਰਹੇ ਨੌਜਵਾਨ ਨੇ ਇਕ ਹੋਰ ਮੁੰਡੇ ਨੂੰ ਡੰਡਿਆਂ ਨਾਲ ਕੁੱਟ- ਕੁੱਟ ਕੇ ਜ਼ਖਮੀ ਕਰ ਦਿੱਤਾ। ਵਿਵਾਦ ਦਾ ਕਾਰਨ ਸਿਰਫ ਬਕਾਇਆ ਦੇ 5 ਰੁਪਏ ਮੰਗਣ ਨੂੰ ਲੈ ਕੇ ਹੋਈ ਤੂੰ-ਤੂੰ- ਮੈਂ-ਮੈਂ ਦੱਸਿਆ ਜਾ ਰਿਹਾ ਹੈ। ਇਸ ਘਟਨਾ ਤੋਂ ਬਾਅਦ ਇਥੇ ਲੋਕਾਂ ਦੀ ਭੀੜ ਜਮ੍ਹਾ ਹੋ ਗਈ। ਉਥੇ ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਟਾਇਲਟ ਦੀ ਦੇਖ-ਰੇਖ ਕਰ ਰਹੇ ਵਿਅਕਤੀ ਨੂੰ ਥਾਣੇ ਲੈ ਗਈ।
ਘਟਨਾ ਬਸਤੀ ਅੱਡੇ ਦੇ ਕੋਲ ਸਥਿਤ ਪਬਲਿਕ ਟਾਇਲਟ ਦੀ ਹੈ। ਪੀੜਤ ਲੜਕੇ ਨੇ ਦੱਸਿਆ ਕਿ ਉਸ ਨੇ ਟਾਇਲਟ ’ਚ ਜਾਣ ਲਈ ਅੰਦਰ ਜਾਂਦੇ ਸਮੇਂ ਬਾਹਰ ਨਿਗਰਾਨੀ ਕਰਨ ਵਾਲੇ ਵਿਅਕਤੀ ਨੂੰ 10 ਰੁਪਏ ਦਿੱਤੇ ਸਨ। ਬਾਹਰ ਪਰਤਨ ’ਤੇ ਉਸ ਨੇ 5 ਰੁਪਏ ਵਾਪਿਸ ਮੰਗੇ ਤਾਂ ਉਸ ਵਿਅਕਤੀ ਨੇ ਡੰਡਾ ਚੁੱਕ ਕੇ ਉਸ ਨੂੰ ਬੁਰੀ ਤਰ੍ਹਾਂ ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਉਸ ਦੀ ਟੀ- ਸ਼ਰਟ ਵੀ ਫਾੜ ਦਿੱਤੀ। ਘਟਨਾ ਦਾ ਪਤਾ ਲੱਗਣ ਤੋਂ ਬਾਅਦ ਮੌਕੇ ’ਤੇ ਇਕੱਠੇ ਹੋਏ ਲੋਕਾਂ ਨੇ ਵਿਚ ਪੈ ਕੇ ਲੜਕੇ ਦਾ ਬਚਾਅ ਕੀਤਾ।
ਉਧਰ ਇਸ ਦੀ ਸੂਚਨਾ ਮਿਲਣ ’ਤੇ ਪੁਲਿਸ ਮੌਕੇ ’ਤੇ ਪਹੁੰਚੀ ਤਾਂ ਪਤਾ ਲੱਗਾ ਕਿ ਉਹ ਟਾਇਲਟ ਦੀ ਨਿਗਰਾਨੀ ਕਰਨ ਵਾਲਾ ਨਸ਼ੇ ’ਚ ਟੱਲੀ ਸੀ। ਉਸ ਨੇ ਕਿਹਾ ਕਿ ਉਸ ਨੇ ਕਿਸੇ ਨਾਲ ਮਾਰਕੁੱਟ ਨਹੀਂ ਕੀਤੀ ਹੈ। ਲੜਕੇ ਨੇ ਖੁਦ ਹੀ ਆਪਣੀ ਟੀ- ਸ਼ਰਟ ਫਾੜੀ ਹੈ। ਉਥੇ ਥਾਣਾ ਡਵੀਜ਼ਨ- 2 ਦੇ ਪੁਲਿਸ ਮੁਲਾਜ਼ਮਾਂ ਨੇ ਕਿਹਾ ਕਿ ਉਨ੍ਹਾਂ ਨੇ ਦੋਸ਼ੀ ਨੂੰ ਹਿਰਾਸਤ ਵਿੱਚ ਲੈ ਲਿਾ ਹੈ। ਹੁਣ ਥਾਣੇ ਜਾ ਕੇ ਉਸ ’ਤੇ ਕਾਰਵਾਈ ਕੀਤੀ ਜਾਵੇਗੀ।