Kapurthala Covid patient died : ਕੋਰੋਨਾ ਦਾ ਕਹਿਰ ਪੰਜਾਬ ਵਿਚ ਥੰਮਦਾ ਨਜ਼ਰ ਨਹੀਂ ਆ ਰਿਹਾ ਹੈ। ਲੌਕਡਾਊਨ ਵਿਚ ਛੋਟਾਂ ਮਿਲਣ ਤੋਂ ਬਾਅਦ ਇਸ ਦੀ ਗਿਣਤੀ ਤੇ ਇਸ ਨਾਲ ਹੋਣ ਵਾਲੀਆਂ ਮੌਤਾਂ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ। ਤਾਜ਼ਾ ਮਾਮਲਿਆਂ ਵਿਚ ਜਲੰਧਰ ਵਿਚ ਜਿਥੇ ਕੋਰੋਨਾ ਨਾਲ ਇਕ ਹੋਰ ਮੌਤ ਹੋਣ ਦੀ ਖਬਰ ਸਾਹਮਣੇ ਆਏ ਹੈ ਉਥੇ ਹੀ 40 ਨਵੇਂ ਮਰੀਜ਼ ਵੀ ਮਿਲੇ ਹਨ। ਦੱਸਣਯੋਗ ਹੈ ਕਿ ਕਪੂਰਥਲਾ ਦੇ ਅਮਨ ਨਗਰ ਵਿਚ ਰਹਿਣ ਵਾਲੇ 78 ਸਾਲਾ ਬਜ਼ੁਰਗ ਦੀ ਸਵੇਰੇ ਜਲੰਧਰ ਵਿਚ ਸਿਵਲ ਹਸਪਤਾਲ ਵਿਚ ਮੌਤ ਹੋ ਗਈ। ਇਸ ਵਿਅਕਤੀ ਨੂੰ ਸੈਕਰਡ ਹਾਰਟ ਹਸਪਤਾਲ ਤੋਂ ਸਿਵਲ ਹਸਪਤਾਲ ਵਿਚ ਰੈਫਰ ਕੀਤਾ ਗਿਆ ਸੀ।
ਉਕਤ ਵਿਅਕਤੀ ਦਿਲ ਤੇ ਹਾਈਪਰਟੈਨਸ਼ਨ ਦੀ ਬੀਮਾਰੀ ਤੋਂ ਪੀੜਤ ਸੀ। ਅੱਜ ਉਸ ਦੀ ਹਾਲਤ ਗੰਭੀਰ ਹੋਣ ਦੇ ਚੱਲਦਿਆਂ ਉਸ ਨੇ ਹਸਪਤਾਲ ਵਿਚ ਦਮ ਤੋੜ ਦਿੱਤਾ। ਦੱਸਣਯੋਗ ਹੈ ਕਿ ਇਹ ਜ਼ਿਲੇ ਵਿਚ ਕੋਰੋਨਾ ਨਾਲ ਹੋਣ ਵਾਲੀ 35ਵੀਂ ਮੌਤ ਹੈ। ਜ਼ਿਕਰਯੋਗ ਹੈ ਕਿ 40 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਜ਼ਿਲੇ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 1769 ਹੋ ਗਈ ਹੈ। ਦੱਸਣਯੋਗ ਹੈ ਕਿ ਬੀਤੀ ਦੇਰ ਰਾਤ ਵੀ ਸਿਵਲ ਹਸਪਤਾਲ ਵਿਚ ਇਕ 55 ਸਾਲਾ ਔਰਤ ਦੀ ਮੌਤ ਹੋ ਗਈ ਸੀ। ਉਸ ਨੂੰ 19 ਜੁਲਾਈ ਨੂੰ ਸਾਹ ਲੈਣ ਦੀ ਸਮੱਸਿਆ ਦੇ ਚੱਲਦਿਆਂ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ, ਜਿਥੇ ਉਸ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਸੀ। ਇਹ ਔਰਤ ਮੁਕੇਰੀਆਂ ਦੀ ਰਹਿਣ ਵਾਲੀ ਸੀ।
ਇਸ ਤੋਂ ਇਲਾਵਾ ਮਾਸਟਰ ਤਾਰਾ ਸਿੰਘ ਨਗਰ ਦੇ ਰਹਿਣ ਵਾਲੇ 61 ਸਾਲਾ ਬਜ਼ੁਰਗ ਨੇ ਵੀ ਬੀਤੇ ਦਿਨ ਦਮ ਤੋੜ ਦਿੱਤਾ ਸੀ। ਦੱਸ ਦੇਈਏ ਕਿ ਬੀਤੇ ਦਿਨ ਵੀ ਜ਼ਿਲੇ ਵਿਚ ਕੋਰੋਨਾ ਦੇ 39 ਮਾਮਲੇ ਸਾਹਮਣੇ ਆਏ ਸਨ। ਹੁਣ ਤੱਕ ਜ਼ਿਲੇ ਵਿਚ 1151 ਲੋਕਾਂ ਨੂੰ ਠੀਕ ਹੋਣ ’ਤੇ ਹਸਪਤਾਲੋਂ ਛੁੱਟੀ ਦੇ ਦਿੱਤੀ ਗਈ ਹੈ। ਫਿਲਹਾਲ ਜ਼ਿਲੇ ਵਿਚ ਅਜੇ ਵੀ ਕੋਰੋਨਾ ਦੇ 593 ਮਾਮਲੇ ਐਕਟਿਵ ਹਨ।